ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀਵੇ ਨਾਲ ਤੁਫ਼ਾਨ ਲੜਾਈ ਕਰਦਾ ਕਰਦਾ ਹਾਰ ਗਿਆ ਹੈ।
ਸੱਚ ਪੁੱਛੋ ਤਾਂ ਰੂੰ ਦਾ ਫੰਬਾ, ਹਸਤੀ-ਕੀਮਤ ਤਾਰ ਗਿਆ ਹੈ।

ਧੁੱਪ ਤੇ ਛਾਂ ਵੀ ਮੇਰੇ ਅੰਗ ਸੰਗ, ਦੁੱਖ ਤੇ ਸੁਖ ਵੀ ਮੇਰੀ ਸ਼ਕਤੀ,
ਮੈਂ ਕਿਉਂ ਡਰਾਂ ਹਨ੍ਹੇਰੇ ਕੋਲੋਂ, ਭਾਵੇਂ ਇਹ ਹੰਕਾਰ ਗਿਆ ਹੈ।

ਸ਼ਾਮ ਢਲੇ ਕਿਉਂ ਤੁਰ ਜਾਂਦਾ ਹੈਂ, ਸੂਰਜ ਵਾਂਗੂੰ ਮਾਰ ਕੇ ਬੁੱਕਲ,
ਤਾਰੇ ਰਾਤੀਂ ਪੁੱਛਦੇ ਤੇਰਾ ਕਿੱਧਰ ਮਹਿਰਮ ਯਾਰ ਗਿਆ ਹੈ।

ਇੱਕ ਦੂਜੇ ਨੂੰ ਜੋ ਦਿਲਬਰੀਆਂ ਦਿੱਤੀਆਂ ਸੀ ਉਹ ਲੀਰਾਂ ਹੋਈਆਂ,
ਰੂਹ ਦਾ ਕੋਰਾ ਵਸਤਰ, ਤੇਰਾ ਇੱਕੋ ਸ਼ਬਦ ਲੰਗਾਰ ਗਿਆ ਹੈ।

ਯਾਦਾਂ ਦੀ ਕੰਨੀ ਨੂੰ ਫੜ ਕੇ, ਨਕਸ਼ ਗੁਆਚੇ ਲੱਭਦਾ ਫਿਰਦਾਂ,
ਵੇਖ ਕਿਵੇਂ ਪਰ ਹੀਣਾ ਪੰਛੀ ਦੂਰ ਦੋਮੇਲੋਂ ਪਾਰ ਗਿਆ ਹੈ।

ਵੇਖ ਲਵੋ ਸੰਸਾਰ ਮੇਰੇ ਘਰ ਖੋਲ੍ਹ ਜਬਾੜੇ ਆ ਬੈਠਾ ਏ,
ਨਿੱਕੀਆਂ ਨਿੱਕੀਆਂ ਕਿੰਨੀਆਂ ਹੱਟੀਆਂ, ਵੱਟਿਆਂ ਸਣੇ ਡਕਾਰ ਗਿਆ ਹੈ।

ਆਸਾਂ ਦੀ ਤੰਦ ਟੁੱਟ ਗਈ ਜਾਪੇ, ਕੰਧਾਂ ਡੁਸਕਦੀਆਂ ਨੇ ਦੱਸਿਆ,
ਪੁੱਤ ਪਰਦੇਸੀ ਘਰ ਨੂੰ ਬਾਹਰੋਂ, ਕੁੰਡੇ ਜੰਦਰੇ ਮਾਰ ਗਿਆ ਹੈ।

*

ਮਿਰਗਾਵਲੀ-13