ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੀਲ ਬੱਚਾ ਫੇਰ ਹਾਜ਼ਰ ਹੇ ਦਰੋਣਾਚਾਰੀਆ।
ਮੈਂ ਦਰਾਵੜ ਏਕਲਵਿਆ, ਤੂੰ ਬ੍ਰਾਹਮਣ ਆਰੀਆ।

ਫਿਰ ਅੰਗੂਠਾ ਮੰਗਦਾ ਹੈ, ਦਖਸ਼ਣਾ ਵਿਚ ਵੇਖ ਲੈ,
ਚੁੱਪ ਕਿਉਂ, ਤੂੰ ਬੋਲਦਾ ਨਹੀਂ, ਮੌਸਮੀ ਬਨਵਾਰੀਆ।

ਏਨੀਆਂ ਸਦੀਆਂ ਤੋਂ ਮਗਰੋਂ, ਫੇਰ ਓਥੇ ਹੀ ਖੜਾਂ,
ਘੂਰਦਾ ਮੈਨੂੰ ਅਜੇ ਵੀ ਧਰਮ-ਵੇਦਾਚਾਰੀਆ।

ਤੀਸਰਾ ਨੇਤਰ ਲਿਆਕਤ, ਤੇਰੇ ਮੱਥੇ ਦਾ ਸ਼ਿੰਗਾਰ,
ਖੜਗ-ਭੁਜ ਬਣਿਆ ਰਹੀਂ ਨਾ ਯੋਧਿਆ ਬਲਕਾਰੀਆ।

ਮੈਂ ਅਕਲ ਮੰਗਾਂ ਤਾਂ ਕਿਸ ਤੋਂ, ਨੇਰ੍ਹ ਘੁੰਮਣਘੇਰ ਵਿਚ,
ਚੋਰ, ਕੁੱਤੀ ਨਾਲ ਰਲਿਆ ਤੀਸਰਾ ਅਖ਼ਬਾਰੀਆ।

ਤੂੰ ਕਦੇ ਸੀ ਢਾਲ ਬਣਿਆ, ਧਰਮ-ਧਰਤੀ ਪਾਲਕਾ,
ਬਾਜ਼ ਤੋਂ ਚਿੜੀਆਂ ਨੂੰ ਖ਼ਤਰਾ, ਫੇਰ ਕਲਗੀਧਾਰੀਆ।

ਲਿਖ ਰਿਹਾ ਸਿਹਰੇ ਕਸੀਦੇ, ਲੈ ਵਜ਼ੀਫ਼ੇ ਭੁਰ ਗਿਆ,
ਕਲਮਧਾਰੀ ਵੇਖ ਲਉ ਹੁਣ ਬਣ ਗਿਆ ਦਰਬਾਰੀਆ।

ਮਿਰਗਾਵਲੀ-12