ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਕਲਾਂ ਵਾਲੇ ਕਿੱਧਰ ਤੁਰ ਪਏ ਭਾਸ਼ਨ ਝਾੜੀ ਜਾਂਦੇ ਨੇ।
ਚਾਰ ਘਰਾਣੇ ਵਣਜਾਂ ਪਿੱਛੇ, ਵਤਨ ਉਜਾੜੀ ਜਾਂਦੇ ਨੇ।

ਪਰਮਾਰਥ ਦਾ ਦੇਂਦਾ ਹੋਕਾ, ਨਜ਼ਰਾਂ ਸਿਰਫ਼ ਪਦਾਰਥ ਤੇ,
ਅਕਲਾਂ ਦੀ ਪੋਥੀ 'ਚੋਂ ਬਾਂਦਰ ਵਰਕੇ ਪਾੜੀ ਜਾਂਦੇ ਨੇ।

ਘਰ ਵਿਚ ਰੌਸ਼ਨਦਾਨ ਖਿੜਕੀਆਂ, ਚਾਨਣ ਖ਼ਾਤਰ ਸ਼ੀਸੇ ਵੀ,
ਖ਼ੁਦ ਤੋਂ ਡਰਦੇ ਮਾਰੇ ਲੋਕਾਂ ਪਰਦੇ ਚਾੜ੍ਹੀ ਜਾਂਦੇ ਨੇ।

ਬਾਗਬਾਨ ਬੇਨਸਲੇ ਹੋ ਗਏ, ਧਰਮ ਕਰਮ ਦੇ ਨਾਂ ਥੱਲੇ,
ਨਫ਼ਰਤ ਦੀ ਅੱਗ ਅੰਦਰ ਫੁੱਲ ਤੇ ਕਲੀਆਂ ਸਾੜੀ ਜਾਂਦੇ ਨੇ।

ਗਿਆਨ ਅਤੇ ਵਿਗਿਆਨ ਦੇ ਨਾਂ ਤੇ ਅੰਬਰ ਕੀਤਾ ਛਾਨਣੀਆਂ,
ਚੰਦਰਮਾ ਤੇ ਮੰਗਲ ਖ਼ਾਤਰ, ਧਰਤ ਪਛਾੜੀ ਜਾਂਦੇ ਨੇ।

ਲੋਕਤੰਤਰੀ ਲੀਲ੍ਹਾ ਓਹਲੇ, ਵੇਖੋ ਕੀ ਕੁਝ ਵਾਪਰਦਾ,
ਰਖਵਾਲੇ ਹੀ ਚੋਰ ਲੁਟੇਰੇ ਸੰਸਦ ਵਾੜੀ ਜਾਂਦੇ ਨੇ।

ਆਪਣੀ ਮਾਂ ਤੋਂ ਤੋੜ ਵਿਛੋੜਾ, ਹੇਜ ਪਰਾਈ ਬੋਲੀ ਦਾ,
ਬਾਲ ਬਚਪਨਾ ਸਾਂਭਣ ਵਾਲੇ, ਸ਼ਬਦ ਲਿਤਾੜੀ ਜਾਂਦੇ ਨੇ।

*

ਮਿਰਗਾਵਲੀ-11