ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਣਿਉ! ਇਸ ਕਿਤਾਬ 'ਚ ਮੈਂ ਬੜਾ ਹੀ ਘੱਟ ਬੋਲਿਆ ਹਾਂ! ਸ਼ਬਦ ਹੀ ਬੋਲੀ ਗਏ ਅਤੇ ਮੈਂ ਲਿਖੀ ਗਿਆ।
ਮੈਂ ਵਿਸ਼ਵ ਪ੍ਰਸਿੱਧ ਚਿੱਤਰਕਾਰ ਸਿਧਾਰਥ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੀ ਵਡਮੁੱਲੀ ਪੇਟਿੰਗ ਮਿਰਗਾਵਲੀ ਦੇ ਮੁੱਖ ਪੰਨੇ ਤੇ ਛਾਪਣ ਲਈ ਮੈਨੂੰ ਅਧਿਕਾਰ ਦਿੱਤਾ ਹੈ। ਉਸਤਾਦ ਉਰਦੂ ਕਵੀ ਸਰਦਾਰ ਪੰਛੀ, ਨੌਜਵਾਨ ਚਿੰਤਕ ਤੇ ਸਿਰਜਕ ਡਾ. ਜਗਵਿੰਦਰ ਜੋਧਾ ਤੋਂ ਇਲਾਵਾ ਸ਼ਾਇਰ ਮਿੱਤਰ ਤੇ ਚਿੱਤਰਕਾਰ ਸਵਰਨਜੀਤ ਸਵੀ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਕਿਤਾਬ ਦਾ ਮੂੰਹ ਮੱਥਾ ਸ਼ਿੰਗਾਰਿਆ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ 2013 ਵਿਚ ਸੇਵਾ ਮੁਕਤੀ ਉਪਰੰਤ ਮੈਂ ਕੁਝ ਸਮਾਂ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ (ਬਠਿੰਡਾ) ’ਚ ਡਾਇਰੈਕਟਰ (ਯੋਜਨਾ ਤੇ ਵਿਕਾਸ) ਵਜੋਂ ਗੁਜ਼ਾਰਿਆ। ਇਸ ਇਲਾਕੇ ਦੇ ਸਾਦ-ਮੁਰਾਦੇ ਲੋਕਾਂ ਦੀਆਂ ਅਨੇਕ ਉਕਤੀਆਂ ਅਤੇ ਸਮੱਸਿਆਵਾਂ ਘੂਰ-ਘੂਰ ਕੇ ਮੇਰੀਆਂ ਗ਼ਜ਼ਲਾਂ ਚ ਢਲ ਗਈਆਂ ਹਨ। ਨਰਮੇ ਕਪਾਹ ਤੇ ਅਧਾਰਤ ਆਰਥਿਕਤਾ ਤੇ ਉਸ ਦੀ ਤਬਾਹੀ ਨਾਲ ਟੁੱਟਦੀ ਸਮਾਜਕ ਬੁਣਤੀ ਵੀ ਮੈਨੂੰ ਸਮਝ ਨਹੀਂ ਸੀ ਪੈਣੀ ਜੇ ਮੈਂ ਏਥੇ ਨਾ ਜਾਂਦਾ।
ਦੇਸ਼ ਬਦੇਸ਼ ਚ ਵੱਸਦੇ ਸੱਜਣਾਂ ਦੇ ਬੁਲਾਵੇ ਤੇ ਅਨੇਕਾਂ ਵਾਰ ਦੇਸ ਰਟਨ ਵੀ ਮੇਰੇ ਅਨੁਭਵ ਨੂੰ ਅਮੀਰ ਕਰ ਗਿਆ ਹੈ। ਇਹ ਵੀ ਤਰਲ ਰੂਪ 'ਚ ਮੇਰੀ ਸਿਰਜਣਾ ਅੰਦਰ ਆਣ ਵੜਦਾ ਹੈ।
ਮੈਂ ਧੰਨਵਾਦੀ ਹਾਂ ਆਪਣੇ ਵੱਡੇ ਵੀਰ ਪ੍ਰਿੰ. ਜਸਵੰਤ ਸਿੰਘ ਗਿੱਲ ਅਤੇ ਪ੍ਰੋ. ਸੁਖਵੰਤ ਸਿੰਘ ਗਿੱਲ ਦਾ ਜਿਨ੍ਹਾਂ ਨੇ ਵਿਸ਼ਲੇਸ਼ਣੀ ਅੱਖ ਬਖ਼ਸ਼ ਕੇ ਮੈਨੂੰ ਇਹ ਸ਼ਬਦ ਸਣ ਦੇ ਕਾਬਲ ਬਣਾਇਆ।
ਮੈਂ ਦਾਅਵਾ ਨਹੀਂ ਕਰਦਾ ਪਰ ਹਕੀਕਤ ਇਹ ਹੈ ਕਿ ਮੇਰਾ ਸਮੁੱਚਾ ਪਰਿਵਾਰ ਸਮਾਜਕ ਜ਼ਿੰਮੇਵਾਰੀ ਨੂੰ ਸਮਝ ਕੇ ਹਰ ਕਦਮ ਤੁਰਿਆ ਹੈ। ਇਹ ਗ਼ਜ਼ਲ ਸੰਗਹਿ ਵੀ ਉਸੇ ਜ਼ਿੰਮੇਵਾਰੀ ਦੀ ਹੀ ਤਸਦੀਕ ਮਾਤਰ ਹੈ।
ਤੁਹਾਡੀ ਮੁਹੱਬਤ ਮੇਰੀ ਸ਼ਕਤੀ ਹੈ। ਮੇਰੀ ਕੋਸ਼ਿਸ਼ ਇਹੀ ਰਹੇਗੀ ਕਿ ਮੁਹੱਬਤ ਚ ਕਮੀ ਨਾ ਆਵੇ।
ਮੇਰਾ ਵਿਸ਼ਵਾਸ ਹੈ ਕਿ ਕਲਮ ਦਾ ਧਰਮ ਹੱਕ ਸੱਚ ਇਨਸਾਫ ਦੇ ਪਹਿਰੇਦਾਰ ਰਹਿਣਾ ਹੈ। ਮੈਂ ਇਹੀ ਕੋਸ਼ਿਸ ਕੀਤੀ ਹੈ। ਤੁਸੀਂ ਕਿਤਾਬ ਪੜ੍ਹ ਕੇ ਦੱਸਣਾ ਕਿ ਮੈਂ ਕਿੰਨਾ ਕੁ ਸਹੀ ਕਿਹਾ ਹੈ।

-ਗੁਰਭਜਨ ਗਿੱਲ