ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਗਮਰਮਰ ਦੇ ਖ਼ਿਲਾਫ਼ ਕੱਚੇ ਵਿਹੜਿਆਂ ਦੀ ਵੰਗਾਰ ਹਾਜ਼ਰ ਸੀ, ਮੇਰੀ ਪਿਛਲੀ ਕਿਤਾਬ ਗੁਲਨਾਰ ਵਿੱਚ
ਕੱਚੇ ਵਿਹੜਿਆਂ ਨੇ ਜਿਹੜਾ ਸਾਨੂੰ ਸਬਕ ਪੜ੍ਹਾਇਆ।
ਸਾਨੂੰ ਅੜੇ ਥੁੜੇ ਵੇਲੇ ਸੱਚੀਂ ਬੜਾ ਕੰਮ ਆਇਆ।

ਆਡਾਂ ਬੰਨਿਆਂ ਤੇ ਦੌੜਦੇ ਨਾ ਅਸੀਂ ਕਦੇ ਡਿੱਗੇ,
ਸੰਗਮਰਮਰ ਉੱਤੇ ਸਾਨੂੰ ਤੁਰਨਾ ਨਾ ਆਇਆ।
ਮੇਰੇ ਸੱਜਣ ਤੇ ਜਗਤ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਜੀ ਇੱਕ ਦਿਨ ਮੈਨੂੰ ਦੱਸ ਰਹੇ ਸਨ ਕਿ ਮਿਰਗ ਜੰਗਲ ਦਾ ਤੇਜ਼ ਤਰਾਰ ਦੌੜਨ ਵਾਲਾ ਜੀਵ ਹੈ। ਪਤਲੀ, ਬਾਰੀਕ ਸੰਵੇਦਨਾ ਵਾਲਾ। ਧਰਤੀ ਹੇਠ ਭੁਚਾਲ ਆਉਣ ਤੋਂ ਪਹਿਲਾਂ ਸਿਰਫ਼ ਮਿਰਗ ਨੂੰ ਹੀ ਪਤਾ ਲੱਗਦਾ ਹੈ। ਜੰਗਲ ਚ ਅੱਗ ਲੱਗੇ ਤਾਂ ਮਿਰਗ ਹੀ ਸਭ ਤੋਂ ਪਹਿਲਾਂ ਨੇੜਲੇ ਪਾਣੀ ਵਿਚ ਜਲ ਸਮਾਧੀ ਲਾ ਲੈਂਦਾ ਹੈ। ਬਾਹਰ ਵੀ ਦੁਸ਼ਮਣ ਤੇ ਅੰਦਰ ਅਗਨ-ਜਾਲ ਦੋਹਾਂ ਜਾਲਾਂ ਤੋਂ ਬਚਣ ਲਈ ਸੰਵੇਦਨਾ ਹੀ ਕੰਮ ਆਉਂਦੀ ਹੈ। ਇਹ ਗ਼ਜ਼ਲਾਂ ਇਸ ਪਰਸੰਗ ਚ ਤੁਹਾਨੂੰ ਪੜ੍ਹਦਿਆਂ ਸਮਾਂਕਾਲ ਦੀ ਅਗਨ ਦੇ ਸੇਕ ਦਾ ਵੀ ਅਹਿਸਾਸ ਹੋਵੇਗਾ। "ਮਿਰਗਾਵਲੀ ਸਮਾਜਕ ਤਬਦੀਲੀ ਦੀ ਪੇਸ਼ੀਨਗੋਈ ਨਹੀਂ, ਕੇਵਲ ਕੋਸ਼ਿਸ਼ ਮਾਤਰ ਹੈ।
ਮੇਰੀ ਮਿਰਗਾਵਲੀ ਦਾ ਧਰਮ ਲੋਕ ਮੁਖੀ ਭਾਵਨਾ ਦਾ ਪ੍ਰਕਾਸ਼ ਹੈ। ਹਰੇ ਦੇ ਖਿਲਾਫ਼ ਚਾਨਣ ਦੀ ਡਿਸ਼ਲ। ਮੈਂ ਕੋਈ ਵੱਡਾ ਇਨਕਲਾਬੀ ਸੁਰਮਾ ਕਵੀ ਨਹੀਂ ਹਾਂ, ਸਧਾਰਨ ਸ਼ਬਦ ਸਾਧਕ ਹਾਂ, ਪਰ ਆਪਣੇ ਕਲਾਮ ਵਿੱਚ ਚੋਰ ਨੂੰ ਚੋਰ ਤਾਂ ਕਹਿ ਸਕਦਾ ਹਾਂ? ਮੇਰੇ ਬਾਬਲ ਗੁਰੁ ਨਾਨਕ ਦੇਵ ਜੀ ਨੇ ਜੇ ਰਾਜੇ ਨੂੰ ਮੀਂਹ ਤੇ ਮੁਕੱਦਮ ਨੂੰ ਕੁੱਤੇ ਕਹਿਣ ਦਾ ਹੱਕ ਪੰਜ ਸਦੀਆਂ ਪਹਿਲਾਂ ਲੈ ਲਿਆ ਸੀ ਤਾਂ ਉਸਦੇ ਸਿੱਖ ਨੂੰ ਵੀ ਹੁਣ ਇਹ ਹੱਕ ਵਰਤਣ ਦਾ ਪੂਰਾ ਅਖ਼ਤਿਆਰ ਹੈ।
ਕੁੱਝ ਦੋਸਤ ਮੈਨੂੰ ਮਿਰਗਾਵਲੀ ਦਾ ਅਰਥ ਪੁੱਛਦੇ ਹਨ, ਭਾਈ ਗੁਰਦਾਸ ਦੀਵਾਰ ਵਿੱਚ ਸਿੰਘ ਬੁੱਕੇ ਮਿਰਗਾਵਲੀਦਾ ਹਵਾਲਾ ਆਉਂਦਾ ਹੈ।ਇਹ ਮਿਰਗਾਵਲੀ ਹਿਰਨਾਂ ਦੀ ਡਾਰ ਹੈ, ਮਿਰਗ ਹਿਰਨ ਨੂੰ ਆਖਦੇ ਨੇ ਅਤੇ ਹਿਰਨਾਂ ਦੀ ਡਾਰ ਵਰਗੀਆਂ ਇਹ ਨਟਖਟ ਗ਼ਜ਼ਲਾਂ ਤੁਹਾਡੇ ਨਾਲ ਲਗਾਤਾਰ ਗੁਫ਼ਤਗੂ ਕਰਨਗੀਆਂ। ਇਸ ਲਈ ਸ਼ਬਦ ਮੈਨੂੰ ਚੁਗਣੇ ਨਹੀਂ ਪਏ ਸਗੋਂ, ਸ਼ਬਦਾਂ ਨੇ ਖ਼ੁਦ ਕਿਹਾ, ਸਾਡੇ ਰਾਹੀਂ ਉਹ ਗੱਲ ਕਰ, ਜਿਹੜੀ ਤੂੰ ਆਮ ਹਾਲਤ 'ਚ ਖ਼ੁਦ ਨਹੀਂ ਕਰ ਸਕਦਾ। ਧਰਤੀ ਤੇਰੀ ਮਾਂ ਹੈ, ਇਹਦੀ ਜ਼ਬਾਨ ਤੇਰੀ ਹੈ, ਰਿਸ਼ਤੇ ਨਾਤੇ ਤੇਰੀ ਸ਼ਕਤੀ ਹਨ ਅਤੇ ਜੇ ਤੂੰ ਹੁਣ ਚੁੱਪ ਰਿਹਾ ਤਾਂ ਅਗਲੀ ਸਵੇਰ ਹੀ ਬਹੁਤ ਦੇਰ ਹੋ ਜਾਵੇਗੀ। ਸੱਚ