ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਹਾਜ਼ਿਰ ਹਾਂ


1971 ’ਚ ਮੈਂ ਪਹਿਲੀ ਕਵਿਤਾ ਲਿਖੀ ਸੀ ਬੰਗਲਾ ਦੇਸ਼ ਜੰਗ ਬਾਰੇ। ਦੋਹਾਂ ਮੁਲਕਾਂ 'ਚ ਇੱਕੋ ਨਾਅਰਾ ਬੁਲੰਦ ਹੋ ਰਿਹਾ ਸੀ। ਹਿੰਦੋਸਤਾਨ ਕੁਚਲ ਦਿਓ ਪਾਕਿਸਤਾਨ ਚ ਤੇ "ਪਾਕਿਸਤਾਨ ਕੁਚਲ ਦਿਓ’ ਭਾਰਤ 'ਚ। ਕੁਚਲਣ ਦੀ ਭਾਵਨਾ ਸਾਂਝੀ ਸੀ। ਲੱਗਦਾ ਸੀ ਦੋਹਾਂ ਦੇ ਕੁਚਲਣ ਦੀ ਭਾਵਨਾ ਨਾਲ ਲੋਕ ਕੁਚਲੇ ਜਾਣੇ ਸਨ। ਹਕੂਮਤਾਂ ਤਾਂ ਉਦੋਂ ਵੀ ਅੱਜ ਵਾਂਗ ਕਵਚਧਾਰੀ ਸਨ। ਉਸ ਦਿਨ ਤੋਂ ਲੈ ਕੇ ਅੱਜ ਤੀਕ ਇਹੀ ਕਵਿਤਾ ਬਾਰ ਬਾਰ ਲਿਖ ਰਿਹਾ ਹਾਂ।
ਹੁਣ ਮਿਰਗਾਵਲੀ ਦੀ ਗੱਲ ਕਰਾਂ ਇਹ ਕਿਤਾਬ ਕੀ ਹੈ? ਕੋਈ ਬੁਝਾਰਤ ਨਹੀਂ। ਬਿਲਕੁਲ ਉਵੇਂ, ਜਿਵੇਂ ਸਾਦ ਮੁਰਾਦੇ ਬੰਦੇ ਗੱਲਾਂ ਕਰਦੇ ਨੇ। ਘਰ ਦੇ ਜੀਆਂ ਨਾਲ। ਭਾਸ਼ਾ ਦਾ ਕੋਈ ਓਹਲਾ ਨਹੀਂ ਪਾਰਦਰਸ਼ੀ ਭਾਸ਼ਾ। ਮੇਰੇ ਪਹਿਲਾਂ ਛਪੇ ਗ਼ਜ਼ਲ ਸੰਗ੍ਰਹਿ ‘ਹਰ ਧੁਖਦਾ ਪਿੰਡ ਮੇਰਾ ਹੈ’, ‘ਮਨ ਦੇ ਬੂਹੇ ਬਾਰੀਆਂ’, ‘ਮੋਰ ਪੰਖ ਅਤੇ ‘ਗੁਲਨਾਰ’ ਵੀ ਆਮ ਸਧਾਰਨ ਭਾਸ਼ਾ 'ਚ ਹਨ। ਦੁਖ ਸੁਖ ਕਰਨ ਵਾਲਾ ਅੰਦਾਜ਼ ਆਤਮ ਚਿੰਤਨ ਵੀ ਹੈ। ਆਤਮ ਅਲਾਪ ਵੀ ਮੁਹੱਬਤ ਵੀ, ਜ਼ਾਤ ਤੋਂ ਕਾਇਨਾਤ ਤੀਕ ਦਾ ਸਫ਼ਰ ਵੀ।
ਮਿਰਗਾਵਲੀ ਦੀ ਸਿਰਜਣਾ ਕਰਦਿਆਂ ਮੈਂ ਸੁਚੇਤ ਪੱਧਰ ਤੇ ਕੋਸ਼ਿਸ਼ ਕੀਤੀ ਕਿ ਉਹ ਗੱਲਾਂ ਕਰਾਂ ਜੋ ਅਕਸਰ ਗਜ਼ਲ ਵਿੱਚ ਨਹੀਂ ਕੀਤੀਆਂ ਜਾਂਦੀਆਂ। ਰਾਜ ਸੱਤਾ ਦੀ ਬੇਰਹਿਮੀ, ਇਤਿਹਾਸ ਦੀ ਨਿਸ਼ਾਨਦੇਹੀ, ਜ਼ਿੰਦਗੀ ਨੂੰ ਖੱਜਲ ਕਰਦੇ ਸਵਾਲ ਅਕਸਰ ਅਸੀਂ ਟਾਲ ਜਾਂਦੇ ਹਾਂ। ਗ਼ਜ਼ਲ ਪੋਲਾ ਪੋਲਾ ਮਾਲ ਖਾਂਦੀ ਹੈ ਅਤੇ ਗ਼ਜ਼ਲਗੋ ਵੀ ਕਾਲੀਆਂ ਐਨਕਾਂ ਲਾ ਕੇ ਹੀ ਹਕੀਕਤ ਨੂੰ ਵੇਖਦਾ ਹੈ। ਦਸਤਾਨੇ ਪਾ ਕੇ ਸਿਰ ਪਲੋਸਦਾ ਹੈ। ਮੈਂ ਕੋਸ਼ਿਸ਼ ਕੀਤੀ ਹੈ ਕਿ ਇਸ ਸੰਗਹਿ ’ਚ ਨੰਗੀ ਅੱਖ ਨਾਲ ਸੱਚ ਦੇ ਰੂ-ਬਰੂ ਹੋਵਾਂ। ਬਿਆਈਆਂ ਪਾਟੇ ਹੱਥਾਂ ਦੇ ਨਾਲ ਮੇਰਾ ਸਿਰ ਪਲੋਸਣ ਵਾਲਾ ਬਾਬਲ ਤੇ ਮੇਰੀ ਮਾਂ ਮੇਰੀ ਗ਼ਜ਼ਲ ਦੇ ਅੰਗ ਸੰਗ ਤੁਰੇ। ਧਰਤੀ ਮਾਂ ਦੀ ਪੀੜ ਵੀ ਬੋਲੇ ਮੇਰੇ ਨਾਲ ਨਾਲ। ਮੇਰੀ ਜ਼ੁਬਾਨ ਨੂੰ ਵੀ ਗੁਆਚਦੇ ਸ਼ਬਦਾਂ ਦਾ ਭੰਡਾਰ ਮਿਲੇ। ਧਰਤੀ ਦੀ ਜ਼ੁਬਾਨ ਨਾ ਗੁੰਮੇ। ਸ਼ਹਿਰ ਸਾਡੀ ਸਾਦਗੀ ਨੂੰ ਖਾ ਕੇ ਡਕਾਰ ਵੀ ਨਹੀਂ ਮਾਰਦਾ ਪਰ ਅਸੀਂ ਇਸ ਬੇਰਹਿਮੀ ਤੋਂ ਧਰਤੀ ਵੀ ਬਚਾਉਣੀ ਹੈ ਅਤੇ ਮਾਂ ਬੋਲੀ ਵੀ। ਇਹੀ ਸਾਹਿਤ ਦਾ ਧਰਮ ਹੈ। ਧਰਮ ਕੀ ਹੈ? ਇਖ਼ਲਾਕ ਕੀ ਹੈ?