ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਲਿੰਦਰ ਗਿੱਲ ਦੇ ਨਾਂ..
ਸੱਤ ਸਮੁੰਦਰ ਪਾਰ ਗਵਾਚੇ ਫਿਰਦੇ ਹਾਂ।
ਖ਼ੁਦ ਨੂੰ ਲੱਭਦੇ ਫਿਰਦੇ ਕਿੰਨੇ ਚਿਰ ਦੇ ਹਾਂ।

ਮਾਂ ਹੀ ਚੇਤੇ ਆਵੇ ਜਾਂ ਫਿਰ ਧਰਤੀ ਮਾਂ,
ਵਿੱਚ ਮੁਸੀਬਤ ਜਦ ਵੀ ਆਪਾਂ ਘਿਰਦੇ ਹਾਂ।

ਚਿੱਤ ਬੇਚੈਨ ਉਦਾਸੀ, ਘੁੰਮਣ ਘੇਰੀ ਵਿੱਚ,
ਪਤਾ ਨਹੀਂ ਕਿਸ ਖ਼ਾਤਰ ਦੌੜੇ ਫਿਰਦੇ ਹਾਂ।

ਵਿੱਚ ਵਿਚਾਲੇ ਹਾਂ ਨਾ ਗੋਰੇ ਨਾ ਕਾਲੇ,
ਕਿੱਦਾਂ ਦੱਸੀਏ ਆਪਾਂ ਕਿਹੜੀ ਧਿਰ ਦੇ ਹਾਂ।

ਜੜ੍ਹ ਤੋਂ ਹੀਣ ਬਿਰਖ਼ ਦੀ ਜੂਨੇ ਹਾਂ ਪੈ ਗਏ,
ਟਾਹਣੀ ਨਾਲੋਂ ਪੱਤਿਆਂ ਵਾਂਗੂੰ ਕਿਰਦੇ ਹਾਂ।

ਮਨ ਮਸਤਕ ਵਿਚ ਕਿੰਨਾ ਕੁਝ ਹੈ ਅਣਚਾਹਿਆ,
ਖ਼ੁਦ ਨੂੰ ਕਹੀਏ, ਆਪਾਂ ਕੋਮਲ ਹਿਰਦੇ ਹਾਂ।

ਹੱਸ ਕੇ ਵੇਖ ਮਨਾ ਲੈ ਰੱਸਿਆ ਸੱਜਣਾਂ ਨੂੰ,
ਵੇਖੀ ਫਿਰ ਤੂੰ ਕਿੰਨੀ ਜਲਦੀ ਵਿਰਦੇ ਹਾਂ।

*

ਮਿਰਗਾਵਲੀ-15