ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਆਰੇ ਰਣਜੋਧ ਸਿੰਘ ਪਰਿਵਾਰ ਦੇ ਨਾਂ....

ਰੰਗ ਕਿਉਂ ਥੁੜ੍ਹੇ ਮੁਸੱਵਰ ਮਿੱਤਰਾ, ਮੱਥੇ ਲੀਕਾਂ ਵਾਹੀਆਂ ਲਈ।
ਬੇਪਰਵਾਹ ਕਿੰਜ ਬਲਿਹਾਰੇ ਜਾਵਾਂ, ਲਾਪਰਵਾਹੀਆਂ ਲਈ।

ਸਾਥੋਂ 'ਰੱਬ' ਕਹਾਵੇਂ ਤੇ 'ਯੱਬ' ਪਾਵੇਂ ਗਲਮੇ ਲਈ ਸਾਡੇ,
ਜ਼ਾਲਮ ਨੂੰ ਪਰਵਾਨਗੀਆਂ ਕਿਉਂ ਥਾਂ ਥਾਂ ਗੱਡੀਆਂ ਫਾਹੀਆਂ ਲਈ।

ਰਾਜ ਘਰਾਣਿਆਂ ਖ਼ਾਤਰ ਤੇਰੇ ਸਭ ਦਰਵਾਜ਼ੇ ਖੁੱਲ੍ਹਦੇ ਨੇ,
ਬੰਦ ਕਿਉਂ ਹੋ ਜਾਂਦੇ ਨੇ ਇਹ, ਗੁਰ-ਮਾਰਗ ਦੇ ਰਾਹੀਆਂ ਲਈ।

ਦੌਲਤਮੰਦ ਨੂੰ ਹੋਰ ਮਸ਼ੀਨਾਂ ਵੰਡੀ ਜਾਵੇਂ ਦੌਲਤ ਲਈ,
ਖੁੰਢੀਆਂ ਕਿਉਂ ਨੇ ਰੰਬੀਆਂ ਹਾਲੇ, ਸਾਡੇ ਪਿੰਡ ਦੇ ਘਾਹੀਆਂ ਲਈ।

ਦਿਲ ਦੀ ਦੌਲਤ ਖਿੱਲਰ ਚੱਲੀ, ਰੂਹ ਨੂੰ ਗੁਰਬਤ ਘੇਰ ਲਿਆ,
ਤਨ ਮੇਰੇ ਨੂੰ ਝੋਰਾ ਲੱਗਾ, ਕੁਝ ਮਰਲੇ ਸਰਸਾਹੀਆਂ ਲਈ।

ਕਲਮ ਦਵਾਤ ਡੁਸਕਦੀ ਵੇਖੀ ਕੱਚੇ ਘਰ ਦੇ ਵਿਹੜੇ ਵਿੱਚ,
ਦੇਸ਼ ਆਜ਼ਾਦ ਗੁਲਾਮ ਬਚਪਨਾ, ਤਰਸੇ ਕਲਮ ਸਿਆਹੀਆਂ ਲਈ।

ਟੁੱਟੀ ਮੰਜੀ ਵਾਣ ਪੁਰਾਣਾ, ਗਾਂਢੇ ਲਾ ਲਾ ਹੰਭ ਗਏ ਹਾਂ,
ਹੁਣ ਤੇ ਸਿਰਫ਼ ਸਹਾਰਾ ਇੱਟਾਂ ਰੱਖੀਆਂ ਦਾ ਹੀ ਬਾਹੀਆਂ ਲਈ।

*

ਮਿਰਗਾਵਲੀ-16