ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਜ ਉੱਠਦੇ ਸਵੇਰੇ ਤੇਰਾ ਆਇਆ ਸੀ ਖ਼ਿਆਲ।
ਝੋਲੀ ਭਰ ਗਈ ਹੈ ਮੇਰੀ ਸੂਹੇ ਸੂਹੇ ਫੁੱਲਾਂ ਨਾਲ।

ਹੋਰ ਸਾਰੇ ਹੀ ਸਵਾਲਾਂ ਦੇ ਜਵਾਬ ਮੇਰੇ ਕੋਲ,
ਕੱਲ੍ਹਾ ਹੱਲ ਹੀ ਨਾ ਹੋਵੇ, ਤੇਰੀ ਚੁੱਪ ਦਾ ਸਵਾਲ।

ਰਾਹੀਂ ਵੇਖਿਆ ਮੈਂ ਚੰਨ, ਟਿਕੀ ਰਾਤ ਸੀ ਚੁਫ਼ੇਰ,
ਜਾਪ ਅੰਬਰਾਂ 'ਚ ਲੈ ਕੇ ਫਿਰੇਂ ਮੋਤੀਆਂ ਦਾ ਥਾਲ।

ਓਸ ਖ਼ਤ ਨੂੰ ਵੀ ਕਦੇ ਪੜ੍ਹ ਲਿਆ ਕਰ ਜਾਨੇ,
ਜਿਹੜਾ ਲਿਖਿਆ ਮੈਂ ਕਿੰਨੀ ਵਾਰੀ ਹੰਝੂਆਂ ਦੇ ਨਾਲ।

ਤੈਨੂੰ ਪਹਿਲੀ ਵਾਰੀ ਸੁਪਨੇ 'ਚ ਵੇਖਿਆ ਸੀ ਜਦੋਂ,
ਲੱਗਾ ਕਿੰਨੀ ਸੋਹਣੀ ਵੇਲ ਭਰੀ ਮੋਤੀਏ ਦੇ ਨਾਲ।

ਆ ਜਾ ਜ਼ਿੰਦਗੀ ਨੂੰ ਹਾਉਕਿਆਂ ਦੇ ਕਹਿਰ ਤੋਂ ਬਚਾ,
ਇਹ ਤੇ ਮੰਗਦੀ ਹੁੰਗਾਰਾ ਤੈਥੋਂ ਹਾੜ੍ਹ ਤੇ ਸਿਆਲ।

ਪੱਤਝੜ ਤੋਂ ਫੁਟਾਰਾ ਤੇ ਫੁਟਾਰੇ ਪਿੱਛੋਂ ਫੁੱਲ,
ਫੁੱਲਾਂ ਪਿੱਛੋਂ ਫ਼ਲ ਪੈਣੈਂ, ਤੇਰੇ ਮੇਰੇ ਸੰਗ ਨਾਲ।

*

ਮਿਰਗਾਵਲੀ-17