ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਾਮੀ ਨਾ ਇਨਕਾਰ ਕਰੇਂ ਤੂੰ ਕਿਉਂ ਏਦਾਂ ਸਰਕਾਰ ਵਾਂਗਰਾਂ।
ਇਸ ਰਿਸ਼ਤੇ ਨੂੰ ਚੁੱਕੀ ਫਿਰਦਾਂ ਮੈਂ ਸਦੀਆਂ ਤੋਂ ਭਾਰ ਵਾਂਗਰਾਂ।

ਕੰਮ ਦੀ ਖ਼ਬਰ ਕਦੇ ਨਾ ਕੋਈ, ਦੁਨੀਆਂ ਭਰ ਦਾ ਰੋਲ ਘਚੋਲਾ,
ਕੀ ਦੱਸਾਂ ਮੈਂ ਮਨ ਦੀ ਹਾਲਤ, ਹੋ ਗਈ ਹੈ ਅਖ਼ਬਾਰ ਵਾਂਗਰਾਂ।

ਕੰਬਦੀ ਟਾਹਣੀ ਉੱਤੋਂ ਉੱਡ ਗਏ ਵੇਖ ਪਰਿੰਦੇ, ਡਰ ਕੇ ਸਾਰੇ,
ਦਿਲ ਦੀ ਬੁੱਕਲ ਦੇ ਵਿੱਚ ਜਿਹੜੇ, ਰਹਿੰਦੇ ਸੀ ਪਰਿਵਾਰ ਵਾਂਗਰਾਂ।

ਦਰਦ ਦਿਲੇ ਦਾ ਸੁਣ ਲੈਂਦਾ ਜੇ ਮਹਿਰਮ ਮੇਰਾ ਕੋਲ ਬੈਠ ਕੇ,
ਮਹਿੰਗੇ ਮੋਤੀ ਕਿੰਜ ਦਾ, ਮੈਂ ਹੰਝੂਆਂ ਦੇ ਹਾਰ ਵਾਂਗਰਾਂ।

ਕਿੰਨਾ ਚਾਨਣ, ਅਗਨੀ, ਤਾਕਤ, ਅੰਦਰ ਤੇਰੇ ਕਿੰਨੇ ਸੂਰਜ,
ਅਪਣੇ ਅੰਦਰ ਕੀ ਕੁਝ ਰਖਿਆ, ਤੂੰ ਬਿਜਲੀ ਦੀ ਤਾਰ ਵਾਂਗਰਾਂ।

ਅੱਖਾਂ ਮੀਟ ਲਵਾਂ ਤੇ ਦਿਸਦੀ, ਤੇਰੀ ਸੂਰਤ ਜੁਗਨੂੰ ਜਗਦੇ,
ਨੰਗੀ ਅੱਖ ਨੂੰ ਖ਼ਬਰ ਨਹੀਂ ਹੈ, ਅਣਦਿਸਦੇ ਸੰਸਾਰ ਵਾਂਗਰਾਂ।

ਯਾਦ ਤੇਰੀ ਦਾ ਪੱਲੂ ਫੜ ਕੇ, ਹੁਣ ਵੀ ਭਟਕਣ ਤੋਂ ਬਚ ਜਾਨਾਂ,
ਜੀਵਨ ਦੀ ਰਣਭੂਮੀ ਅੰਦਰ, ਤੂੰ ਹੈਂ ਕ੍ਰਿਸ਼ਨ ਮੁਰਾਰ ਵਾਂਗਰਾਂ।

*

ਮਿਰਗਾਵਲੀ-18