ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਗੇ ਅੱਗ ਸੀ ਪਿੱਛੇ ਪਾਣੀ, ਜਾਨ ਦੀ ਖ਼ਾਤਰ ਦੱਸ ਕੀਹ ਕਰਦੇ।
ਦੋਹੀਂ ਪਾਸੀਂ ਮੌਤ ਖੜ੍ਹੀ ਸੀ, ਦੱਸ ਤੂੰ ਕਿਸਦੀ ਹਾਮੀ ਭਰਦੇ।

ਸੱਤ ਨਦੀਆਂ ਤੇ ਸੱਤ ਸਮੁੰਦਰ, ਇਸ ਤੋਂ ਡੂੰਘੇ ਨੈਣ ਬਲੌਰੀ,
ਦਿਲ ਦਰਿਆ ਤੋਂ ਅੱਗੇ ਜਾ ਕੇ, ਇਹ ਸਾਰਾ ਕੁਝ ਕਿੱਦਾਂ ਤਰਦੇ।

ਸ਼ਾਮ ਢਲੀ ਪਰਛਾਵੇਂ ਲੰਮੇ, ਰਾਤ ਪਈ ਤੇ ਜਗ ਪਏ ਦੀਵੇ,
ਪੌਣ ਵਗੀ ਤੇ ਲਾਟਾਂ ਡੋਲਣ, ਜੀਕਣ ਉਹ ਸੀ ਹੌਕੇ ਭਰਦੇ।

ਡਾਢਾ ਗੂੜ੍ਹਾ ਘੋਰ ਹਨੇਰਾ, ਮਨ ਦੇ ਅੰਦਰ ਸ਼ੋਰ ਬਥੇਰਾ,
ਚੁੱਪ ਦਾ ਚਾਰ ਚੁਫ਼ੇਰੇ ਜੰਗਲ, ਏਸੇ ਚੁੱਪ ਤੋਂ ਰਹੀਏ ਡਰਦੇ।

ਤੂੰ ਤੇ ਹੁਕਮ ਚੜ੍ਹਾ ਦਿੱਤਾ ਸੀ, ਸਿਖ਼ਰ ਚੁਬਾਰੇ ਪਹੁੰਚ ਸਾਰੇ,
ਬਿਨ ਪੌੜੀ ਤੋਂ ਆਪੇ ਦੱਸ ਤੂੰ, ਕਦਮ ਉਤਾਂਹ ਨੂੰ ਕਿੱਥੇ ਧਰਦੇ।

ਮੰਡੀ ਦੇ ਵਿਚ ਆਸ ਦੇ ਪੰਛੀ, ਪੈਲੀ ਵਿਚ ਉਮੀਦਾਂ ਮੋਈਆਂ,
ਰਾਤ ਹਨ੍ਹੇਰੀ ਅੰਦਰ ਜੁਗਨੂੰ, ਜੇ ਨਾ ਮੱਚਦੇ, ਦੱਸ ਕੀ ਕਰਦੇ।

ਗਿਲਤੀ ਬੰਨ੍ਹੀ, ਗ਼ਮ ਦੀ ਬੁੱਕਲ, ਬੈਠੇ ਬੀਬੇ ਬੱਚਿਆਂ ਵਾਂਗੂੰ,
ਹੌਕੇ, ਹਾਵੇ ਤੇ ਉਦਰੇਵੇਂ, ਮੇਰੇ ਸਾਰੇ ਹਾਣੀ ਠਰਦੇ।

*

ਮਿਰਗਾਵਲੀ-19