ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਬਰਾਂ ਵਿਚ ਤਾਰੀ ਲੱਗਣੀ ਨਹੀਂ, ਜੇ ਖੰਭਾਂ ਵਿਚ ਪਰਵਾਜ਼ ਨਹੀਂ।
ਕਬਰਾਂ ਜਿਹੀ ਚੁੱਪ ਕਿਉਂ ਚਿਹਰੇ ਤੇ, ਹੈ ਬੰਦ ਜ਼ਬਾਨ, ਆਵਾਜ਼ ਨਹੀਂ।

ਕਾਵਾਂ ਦੀ ਅਸਲ ਹਕੀਕਤ ਨੂੰ, ਤੂੰ ਜਾਣਦਿਆਂ ਵੀ ਚੁੱਪ ਰਹਿੰਦੈਂ,
ਸੱਚ ਬੋਲਣ ਤੋਂ ਘਬਰਾ ਜਾਣਾ, ਇਸ ਧਰਤੀ ਦਾ ਅੰਦਾਜ਼ ਨਹੀਂ।

ਚਿੜੀਆਂ ਵੀ ਜਿਸ ਤੋਂ ਸਹਿਮਦੀਆਂ, ਨਾ ਸੁਣੇਂ ਅਪੀਲਾਂ ਰਹਿਮ ਦੀਆਂ,
ਇਹ ਸ਼ਿਕਰਾ ਆਦਮਖ਼ੋਰ ਜਿਹਾ, ਚੋਟੀ ਤੇ ਬੈਠਾ ਬਾਜ਼ ਨਹੀਂ।

ਗਰਜ਼ਾਂ ਲਈ ਫ਼ਰਜ਼ ਭੁਲਾ ਬੈਠਾਂ, ਮੈਂ ਹੌਲੀ ਹੌਲੀ ਗਰਕ ਗਿਆਂ,
ਮੈਂ ਤਾਹੀਉਂ ਚੁੱਪ ਚੁੱਪ ਰਹਿੰਦਾ ਹਾਂ, ਉਂਝ ਤੇਰੇ ਨਾਲ ਨਾਰਾਜ਼ ਨਹੀਂ।

ਮੇਰੀ ਚੁੱਪ ਨੂੰ ਜੋ ਮਿਸਮਾਰ ਕਰੇ, ਤੇ ਰੂਹ ਮੇਰੀ ਸਰਸ਼ਾਰ ਕਰੇ,
ਸਾਹਾਂ ਵਿਚ ਸੰਦਲ ਘੋਲੇ ਜੋ, ਕਿਉਂ ਵੱਜਦਾ ਇੱਕ ਵੀ ਸਾਜ਼ ਨਹੀਂ।

ਇਹ ਸਾਰਾ ਖੇਲ ਰਚਾਇਆ ਹੈ, ਚੋਰਾਂ ਤੇ ਸਾਧਾਂ ਰਲ ਮਿਲ ਕੇ,
ਸਭ ਜਾਣਦਿਆਂ ਵੀ ਚੁੱਪ ਬੈਠੇ, ਹੁਣ ਇਹ ਗੱਲ ਲੁਕਵਾਂ ਰਾਜ਼ ਨਹੀਂ।

ਤੂੰ ਮਾਣ ਮਰਤਬੇ ਕੁਰਸੀ ਤੇ, ਕਲਗੀ ਦਾ ਕੈਦੀ ਬਣ ਬੈਠਾ,
ਜੋ ਸੱਚ ਦਾ ਮਾਰਗ ਛੱਡ ਜਾਵੇ, ਫਿਰ ਰਹਿੰਦਾ ਉਹ ਜਾਂਬਾਜ਼ ਨਹੀਂ।

*

ਮਿਰਗਾਵਲੀ-20