ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੰਸਰੀ ਵਿਚ ਫੂਕ ਮਾਰੀਂ, ਦੇ ਤੂੰ ਇਸ ਨੂੰ *ਨਗ਼ਮਗੀ।
ਇੱਕ ਲੱਤ ਦੇ ਭਾਰ ਬਾਂਸਾਂ ਬਹੁਤ ਕੀਤੀ ਬੰਦਗੀ।

ਰੁਮਕਦੀ ਵੇਖੀ, ਸੁਣੀ ਤੂੰ ਆਪ ਗਾਉਂਦੀ ਕਾਇਨਾਤ,
ਇੰਜ ਹੀ ਫੁੱਲਾਂ 'ਚ ਭਰਦੀ ਮਹਿਕ ਵੀ ਤੇ ਤਾਜ਼ਗੀ।

ਮੈਂ ਥਲਾਂ ਵਿਚ ਭਟਕਿਆ ਹਾਂ, ਅੱਜ ਤੀਕਰ ਥਾਂ ਕੁਥਾਂ,
ਨਾ ਕੋਈ ਮੰਜ਼ਿਲ ਮਿਲੀ ਨਾ ਖ਼ਤਮ ਹੋਈ ਕਿਸ਼ਨਗੀ**।

ਪੌਣ ਹੈ, ਇਹ ਕੌਣ ਹੈ ਜਾਂ ਮਨ ਮੇਰੇ ਦੀ ਭਟਕਣਾ,
ਮੁੱਕਦੀ ਨਹੀਂ ਅੰਤਹੀਣੀ, ਰੋਜ਼ ਦੀ ਆਵਾਰਗੀ।

ਤੇਜ਼ ਤਿੱਖੀ ਧਾਰ ਤੇ ਨਾ ਤੋਰ ਤੂੰ ਤਲਵਾਰ ਤੇ,
ਬਹੁਤ ਮਹਿੰਗੀ ਪੈਣ ਵਾਲੀ ਮੈਨੂੰ ਤੇਰੀ ਦਿਲਲਗੀ।

ਚੂਹੇ ਦੌੜਾਂ ਦਾ ਸਿਕੰਦਰ, ਜਿੱਤ ਕੇ ਦੇ ਸਮਾਨ,
ਅਸਲ ਸ਼ਕਤੀ ਸਹਿਜ ਤੁਰਦੀ ਆਦਮੀ ਦੀ ਸਾਦਗੀ।

ਮੈਂ ਕਿਸੇ ਮੰਡੀ ਵਿਕਾਉ ਮਾਲ ਵਰਗਾ ਕਿਉਂ ਬਣਾਂ,
ਇਸ ਨੇ ਮੇਰੇ ਤੋਂ ਹੈ ਖੋਹਣੀ, ਅਣਖ਼ ਤੇ ਮਰਦਾਨਗੀ।

.

* ਸੰਗੀਤਕਤਾ
* * ਪਿਆਸ

ਮਿਰਗਾਵਲੀ-21