ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਰਵਿੰਦਰ ਰਿਆੜ ਪਰਿਵਾਰ ਦੇ ਨਾਂ.....

ਵੇਖ ਲਵੋ ਜੀ, ਸਾਡੇ ਹੁੰਦਿਆਂ, ਸੱਚ ਨੂੰ ਏਥੇ ਡੰਨ ਹੁੰਦੇ ਨੇ।
ਜ਼ੁਲਮ ਜ਼ਬਰ ਦੇ ਡੇਰੇ ਮੈਥੋਂ, ਕੱਲ੍ਹਿਆਂ ਕਿੱਥੇ ਭੰਨ ਹੁੰਦੇ ਨੇ।

ਕੰਧਾਂ ਕਰਨ ਚੁਗਲੀਆਂ ਅਕਸਰ, ਵਤਨ ਮੇਰੇ ਵਿਚ ਸੁਣਿਆ ਸੀ ਪਰ,
ਅਮਰੀਕਾ ਵਿਚ ਅੱਖੀਂ ਤੱਕਿਐ, ਪੌਣਾਂ ਨੂੰ ਵੀ ਕੰਨ ਹੁੰਦੇ ਨੇ।

ਚੰਦਰਬੰਸੀ, ਸੂਰਜ ਬੰਸੀ, ਮਾਵਾਂ ਹੀ ਤਾਂ ਹੈਣ ਜੰਮਦੀਆਂ,
ਧੀਆਂ ਦੀ ਥਾਂ ਪੁੱਤਰ ਹੀ ਕਿਉਂ, ਅੱਖ ਦੇ ਤਾਰੇ ਚੰਨ ਹੁੰਦੇ ਨੇ।

ਸੀਸ ਤਲੀ ਤੇ ਧਰਦੇ, ਮਰਦੇ, ਚੌਕ ਚੁਰਸਤੇ ਦੀਵੇ ਧਰਦੇ,
ਏਸ ਨਸਲ ਦੇ ਪੁੱਤਰ ਧੀਆਂ, ਸੱਚੀਂ ਮੁੱਚੀ ਧੰਨ ਹੁੰਦੇ ਨੇ।

ਤੂੰ ਮਿਲਿਆ, ਦਿਲ ਹੌਲਾ ਕੀਤਾ, ਹੁਣ ਮੈਂ ਵੇਖੀਂ ਤੇਜ਼ ਤੁਰਾਂਗਾ,
ਦਿਲ ਦਰਿਆਈ ਹੜ੍ਹ ਦੇ ਪਾਣੀ, ਕੱਲ੍ਹਿਆਂ ਜਿੱਥੇ ਬੰਨ੍ਹੇ ਹੁੰਦੇ ਨੇ।

ਭੁਰਦੇ ਜਾਈਏ ਚੁੱਪ ਚੁਪੀਤੇ, ਸਿਵਿਆਂ ਦੇ ਵੱਲ ਰੋਜ਼ ਦਿਹਾੜੀ,
ਛਲਕ ਰਹੇ ਨੈਣਾਂ ਦੇ ਕੁੱਜੇ, ਓਦਾਂ ਕਿੱਥੇ ਭੰਨ ਹੁੰਦੇ ਨੇ।

ਵਕਤ ਵਿਖਾਵੇ ਸ਼ੀਸ਼ਾ ਸਭ ਨੂੰ, ਵੇਖੋ ਜਾਂ ਨਾ ਵੇਖੋ ਮਰਜ਼ੀ,
ਰੂਹ ਦੇ ਦਾਗ ਤੇ ਮੈਲੇ ਚਿਹਰੇ, ਓਦਾਂ ਕਿੱਥੇ ਮੰਨ ਹੁੰਦੇ ਨੇ।

.

ਮਿਰਗਾਵਲੀ-22