ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਨਕਲਾਬ ਦਾ ਨਾਅਰਾ ਲਾਇਆ, ਸੀਸ ਤਲੀ ਤੇ ਧਰਿਆ ਨਹੀਂ।
ਏਸੇ ਕਰਕੇ ਹੁਕਮਰਾਨ ਵੀ, ਕਿਣਕਾ ਮਾਤਰ ਡਰਿਆ ਨਹੀਂ।

ਕੰਢੇ ਕੰਢੇ ਤੁਰਦੇ ਤੁਰਦੇ, ਮਾਰਗ ਦੱਸਦੇ ਹੋਰਾਂ ਨੂੰ,
ਆਪ ਕਦੇ ਸ਼ਹੁ ਸਾਗਰ ਵਿਚ ਜੋ ਇੱਕ ਵੀ ਤਾਰੀ ਤਰਿਆ ਨਹੀਂ।

ਸਾਡੇ ਸਭ ਦੇ ਅੰਦਰ ਕਿਧਰੇ ਹਾਕਮ ਛੁਪ ਕੇ ਬੈਠ ਗਿਆ,
ਬੰਦ ਕਮਰੇ ਤੋਂ ਬਾਹਰ ਕਦੇ ਇਸ ਪੈਰ ਅਗਾਂਹ ਨੂੰ ਧਰਿਆ ਨਹੀਂ।

ਬਹਿਸ ਕਰਦਿਆਂ ਉਮਰ ਗੁਜ਼ਾਰੀ, ਅਕਲਾਂ ਨੇ ਮੱਤ ਮਾਰ ਲਈ,
ਜਿਸ ਨੂੰ ਆਪਾਂ ਦੁਸ਼ਮਣ ਕਹੀਏ, ਤਾਹੀਉਂ ਸਾਥੋਂ ਮਰਿਆ ਨਹੀਂ।

ਸੁਣਿਆ ਸੀ ਕਿ ਪਾਪ ਦਾ ਭਾਂਡਾ ਭਰ ਜਾਵੇ ਤਾਂ ਡੁੱਬ ਜਾਂਦਾ,
ਅਜਬ ਸਰੋਵਰ ਡੱਬੇ ਨਾ ਜੋ, ਆਖੇ ਪੂਰਾ ਭਰਿਆ ਨਹੀਂ।

ਓਸ ਜੁਰਮ ਦੀ ਸਜ਼ਾ ਭੁਗਤਣਾ ਸਭ ਤੋਂ ਔਖਾ ਜਾਪ ਰਿਹੈ,
ਜਿਹੜਾ ਏਸ ਜਨਮ ਵਿਚ ਅੱਜ ਤੱਕ, ਸਹੁੰ ਮੇਰੀ ਮੈਂ ਕਰਿਆ ਨਹੀਂ।

ਤੋਰ ਮਟਕਣੀ ਤੁਰਦਾ ਹੋਵੇ, ਕਲਕਲ ਕਲਕਲ ਲਹਿਰ ਲਹਿਰ,
ਮੇਰੇ ਦੇਸ ਪੰਜਾਬ 'ਚ ਹੁਣ ਤਾਂ ਇੱਕ ਵੀ ਐਸਾ ਦਰਿਆ ਨਹੀਂ।

.

ਮਿਰਗਾਵਲੀ-23