ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੂੰ ਮੈਨੂੰ ਜੀਣ ਜੋਗਾ ਛੱਡ, ਰਹਿੰਦਾ ਮਾਰ ਦੇ ਮੈਨੂੰ।
ਮੇਰੇ 'ਚੋਂ ਮੈਂ ਮੁਕਾ ਦੇ, ਤੇ ਨਵਾਂ ਵਿਸਥਾਰ ਦੇ ਮੈਨੂੰ।

ਮੁਹੱਬਤ ਸਾਂਭ ਲੈ ਤੂੰ, ਜਿੱਤ ਦੇ ਤਮਗੇ ਮੈਂ ਕੀਹ ਕਰਨੇ,
ਮੇਰੇ ਨੇੜੇ ਰਹੀਂ ਤੂੰ, ਹਾਰ ਦੀ ਮਹਿਕਾਰ ਦੇ ਮੈਨੂੰ।

ਜਵਾਨੀ ਠਰ ਗਈ, ਬੇਹਰਕਤੀ ਹੈ, ਜਜ਼ਬਿਆਂ ਹੀਣੀ,
ਲਗਨ ਦੇ ਦੇ ਇਨ੍ਹਾਂ ਨੂੰ, ਅੱਗ ਤੇ ਅੰਗਿਆਰ ਦੇ ਮੈਨੂੰ।

ਤੂੰ ਮੈਨੂੰ ਸ਼ਾਸਤਰ ਤੋਂ ਤੋੜਿਆ ਤੇ ਜੋੜਿਆ ਕਿੱਥੇ,
ਨਿਰੰਤਰ ਜੀਣ ਖ਼ਾਤਰ 'ਸ਼ਬਦ' ਜਹੇ ਹਥਿਆਰ ਦੇ ਮੈਨੂੰ।

ਮੈਂ ਸਾਰੀ ਧਰਤ ਦੀ ਅਗਨੀ 'ਚ ਖ਼ੁਦ ਨੂੰ ਭਸਮ ਕੀਤਾ ਹੈ,
ਨਜ਼ਰ ਭਰ ਵੇਖ ਮੈਨੂੰ, ਧੁਖ਼ ਰਿਹਾਂ, ਹੁਣ ਠਾਰ ਦੇ ਮੈਨੂੰ।

ਮੈਂ ਟਾਹਣੀ ਨਾਲ ਜੁੜਿਆ ਰਹਿਣ ਦਾ ਇਕਰਾਰ ਕਰਦਾ ਹਾਂ,
ਤੂੰ ਮੈਥੋਂ ਫੁੱਲ ਲੈ ਜਾ, ਸਿਰਫ਼ ਤਿੱਖੇ ਖ਼ਾਰ ਦੇ ਮੈਨੂੰ।

ਮੇਰੇ ਬਿਰਖਾਂ ਦੇ ਪੱਤਰ, ਟਾਹਣ ਅੱਜ ਕੱਲ੍ਹ ਬਹੁਤ ਸੁੰਨੇ ਨੇ,
ਖੁਦਾਇਆ ਰਹਿਮਤਾਂ ਕਰ, ਪੰਛੀਆਂ ਦੀ ਡਾਰ ਦੇ ਮੈਨੂੰ।

.

ਮਿਰਗਾਵਲੀ-24