ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੰਜ਼ਿਲ ਵੱਲ ਨਾ ਜਾਵੇ, ਮਿੱਤਰਾ ਰਾਹ ਨਹੀਂ ਹੁੰਦਾ।
ਤੀਜੇ ਨੇਤਰ ਵਾਲਾ ਤਾਂ ਗੁਮਰਾਹ ਨਹੀਂ ਹੁੰਦਾ।

ਗ਼ਫ਼ਲਤ ਮਾਰੇ ਬੰਦੇ ਅਕਸਰ ਕਹਿੰਦੇ ਸੁਣਿਆਂ,
ਤੂੰ ਹੀ ਕਰਦੇ, ਮੇਰੇ ਤੋਂ ਤੇ ਆਹ ਨਹੀਂ ਹੁੰਦਾ।

ਆਜ਼ਾਦੀ ਆਜ਼ਾਦੀ ਗਾਉਂਦੇ ਥੱਕ ਚੱਲੇ ਹਾਂ,
ਤੌਕ ਗੁਲਾਮੀ ਵਾਲਾ ਗਲ 'ਚੋਂ ਲਾਹ ਨਹੀਂ ਹੁੰਦਾ।

ਜ਼ਿੰਦਾਦਿਲ ਦੇ ਅੰਦਰ ਤੁਰਦਾ ਹੋਰ ਬੜਾ ਕੁਝ,
ਤੇਰੇ ਮੇਰੇ ਵਾਂਗੂੰ, ਕੱਲ੍ਹਾ ਸਾਹ ਨਹੀਂ ਹੁੰਦਾ।

ਆਪਣੀ ਜਿੰਦ ਨੂੰ ਆਪੇ ਕੱਤਣਾ ਸੌਖਾ ਨਹੀਂਓਂ,
ਸੱਚ ਪੁੱਛੋ ਤਾਂ ਐਸਾ ਚਰਖ਼ਾ ਡਾਹ ਨਹੀਂ ਹੁੰਦਾ।

ਦੂਜੇ ਦੇ ਮੂੰਹ ਪਾਉਣਾ, ਆਪਣਾ ਰੂਪ ਸਮਝਾ ਕੇ,
ਖ਼ੁਦ ਤੋਂ ਟੁੱਟਣ ਵਾਲਾ ਸਭ ਨੂੰ ਥਾਹ ਨਹੀਂ ਹੁੰਦਾ।

ਮੈਂ ਮੇਰੀ ਤੋਂ ਅਪਣੀ ਤੀਕਰ ਘੁੰਮੀ ਜਾਈਏ,
ਘੁੰਮਣਘੇਰੀ ਨਾਲੋਂ ਵੱਡਾ ਫਾਹ ਨਹੀਂ ਹੁੰਦਾ।

ਫ਼ਨਕਾਰਾਂ ਸੰਗ ਯਾਰੀ ਲਾ ਲੈ, ਜਾਣ ਲਏਂਗਾ,
ਗੱਦੀ ਉੱਤੇ ਬੈਠ ਕੇ ਬੰਦਾ ਸ਼ਾਹ ਨਹੀਂ ਹੁੰਦਾ।

.

ਮਿਰਗਾਵਲੀ-25