ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੈਰਾਂ ਤੋਂ ਖ਼ਬਰਾਂ ਮਿਲੀਆਂ ਨੇ ਅਪਣੇ ਵੀ ਸ਼ਹਿਰ 'ਚ ਆਏ ਨੇ।
ਏਦਾਂ ਵੀ ਸੁਣਿਆ ਲੋਕਾਂ ਤੋਂ, ਖੁਸ਼ਬੋਈਆਂ ਨਾਲ ਲਿਆਏ ਨੇ।

ਲੱਭ ਲੈਣਾ ਰਿੜਕ ਸਮੁੰਦਰਾਂ 'ਚੋਂ ਜੋ ਮਾਣਕ ਮੋਤੀ ਮਹਿੰਗਾ ਹੈ,
ਅਰਸ਼ਾਂ ਤੇ ਧਰਤ ਪਤਾਲਾਂ ਵਿੱਚ ਤੁਸੀਂ ਹਰ ਥਾਂ ਪਹਿਰੇ ਲਾਏ ਨੇ।

ਕਿੱਦਾਂ ਦੱਸ ਛੁਪ ਕੇ ਰਹਿ ਸਕਦੇ, ਇਹ ਇਸ਼ਕ, ਮੁਸ਼ਕ ਤੇ ਚਾਨਣੀਆਂ,
ਇਹ ਮਹਿਕਾਂ ਨੂੰ ਤੂੰ ਦੱਸ ਭਲਿਆ, ਬਈ ਕਿਸ ਨੇ ਜੰਦਰੇ ਲਾਏ ਨੇ।

ਇਸ ਓਪਰਿਆਂ ਦੀ ਧਰਤੀ ਤੇ, ਕੋਈ ਅਪਣਾ ਮਰ ਕੇ ਮਿਲਦਾ ਹੈ,
ਜੇ ਦਮ ਵੀ ਆਉਂਦੇ ਇੰਜ ਲੱਗਦਾ ਇਹ ਆਪਣੇ ਨਹੀਂ, ਪਰਾਏ ਨੇ।

ਤੂੰ ਦਿਲ ਦਾ ਹਾਲ ਸੁਣਾ ਦੇਵੀਂ, ਝਿਜਕੀਂ ਨਾ ਸੰਗੀ ਮਹਿਰਮ ਤੋਂ,
ਵਤਨਾਂ ਤੋਂ ਤੇਰੇ ਮਗਰੇ ਹੀ, ਪੌਣਾਂ ਦੇ ਸੁਨੇਹੇ ਆਏ ਨੇ।

ਤੇਰੇ ਹੀ ਦਿਲ ਦਰਵਾਜ਼ੇ ਤੇ, ਅੱਜ ਤੱਕ ਮੈਂ ਜੰਦਰਾ ਤੱਕਿਆ ਨਹੀਂ,
ਤਾਂ ਹੀ ਤੇ ਅੰਦਰ ਆ ਵੜਿਆਂ, ਏਥੇ ਬਾਕੀ ਬਾਰ ਪਰਾਏ ਨੇ।

ਪਰਦੇਸਾਂ ਵਿਚ ਵੀ ਢੰਡ ਲਿਆ, ਅਸੀਂ ਰੂਹ ਦੇ ਸੱਜਣ ਬੇਲੀ ਨੂੰ,
ਸਿਰਨਾਵਾਂ ਵੀ ਨਾ ਦੱਸਿਆ ਜਿਸ ਤੇ ਸੌ ਸੌ ਭੇਸ ਵਟਾਏ ਨੇ।

.

ਮਿਰਗਾਵਲੀ-26