ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੁੱਸ ਗਿਆ ਦਿਲ ਹੁਣ ਕਦੋਂ ਤੂੰ ਮਨਾਵੇਂਗਾ।
ਕਰੀਂ ਇਕਰਾਰ, ਕਦੇ ਰੁੱਸ ਕੇ ਨਹੀਂ ਜਾਵੇਂਗਾ।

ਉਮਰਾ ਤੇ ਲੰਘ ਚੱਲੀ, ਗਿਣ ਗਿਣ ਤਾਰਿਆਂ,
ਮੁੱਕ ਚੱਲੀ ਜਿੰਦ ਹੋਰ ਕਿੰਨਾ ਤੜਫਾਵੇਂਗਾ।

ਬੇਪਰਵਾਹਾ ਦੱਸੀਂ ਬੇੜੀ ਦੇ ਮਲਾਹਾ ਮੇਰੀ,
ਭੰਵਰਾ 'ਚ ਜਾਨ ਫਸੀ ਪਾਰ ਕਦੋਂ ਲਾਵੇਂਗਾ।

ਨੇਤਰਾਂ ਦੇ ਬੂਹੇ ਖ਼ਾਲੀ, ਨਜ਼ਰਾਂ ਸਵਾਲੀ ਦੱਸ,
ਮਿਲਿਆ ਨੂੰ ਯੁਗ ਬੀਤੇ, ਫੇਰਾ ਕਦੋਂ ਪਾਵੇਂਗਾ।

ਔੜ ਮਾਰੀ ਧਰਤੀ ਦੇ ਵਾਂਗਰਾਂ ਤਰੇੜੀ ਜਿੰਦ,
ਦਿਲ ਦੀ ਬਗੀਚੜੀ ਨੂੰ ਪਾਣੀ ਕਦੋਂ ਲਾਵੇਂਗਾ।

ਮੇਰਿਆ ਤੂੰ ਪੂਰਨਾ ਵੇ, ਜਾਹ ਮੈਥੋਂ ਦੂਰ ਨਾ ਵੇ,
ਸੁੰਦਰਾਂ ਦੇ ਮਹਿਲਾਂ ਕਦੋਂ ਅਲਖ ਜਗਾਵੇਂਗਾ।

ਓਦਰੀ ਮਧੋਲੀ ਜਿੰਦ, ਕੱਖੋਂ ਹੌਲੀ ਹੋਈ ਪਿੰਜ,
ਮਰ ਮੁੱਕ ਚੱਲੀ ਹੋਰ ਕਿੰਨੀ ਕੁ ਮੁਕਾਵੇਂਗਾ।

ਕੱਸ ਕੇ ਉਮੀਦ ਵਾਲੀ ਕੰਨੀ ਮੈਂ ਵੀ ਫੜੀ ਹੋਈ,
ਕਦੋਂ ਮੇਰੀ ਸੁਣੇਂਗਾ ਤੇ ਆਪਣੀ ਸੁਣਾਵੇਂਗਾ।

.

ਮਿਰਗਾਵਲੀ-27