ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"'ਮਲਕੀਤ ਬੋਪਾਰਾਏ ਦੇ ਨਾਂ"'

ਜੀ ਆਇਆਂ ਨੂੰ ਆਖਣ ਦੇ ਲਈ ਹਰ ਵਾਰੀ ਮੁਸਕਾਨ ਨਹੀਂ ਹੁੰਦੀ।
ਹਰ ਵੰਗਾਰ, ਚੁਣੌਤੀ ਮਿੱਤਰੋ, ਹਰ ਮਨ ਵਿਚ ਮਹਿਮਾਨ ਨਹੀਂ ਹੁੰਦੀ।

ਤੋਪਾਂ ਤੇ ਬੰਦੂਕਾਂ ਭਾਵੇਂ ਅਜ਼ਲਾਂ ਤੋਂ ਹੀ ਚੱਲ ਰਹੀਆਂ ਨੇ,
ਵੇਖ ਲਵੋ ਜੀ ਹਾਕਮ ਕੋਲੋਂ, ਸੱਚ ਦੀ ਬੰਦ ਜ਼ਬਾਨ ਨਹੀਂ ਹੁੰਦੀ।

ਰੂਹ ਦੇ ਖੇਡ ਖਿਡੌਣੇ ਵੇਚੇ, ਬਿਨ ਪੈਸੇ ਤੋਂ ਨਗਦ-ਮ-ਨਕਦੀ,
ਦਿਲ-ਦਰਬਾਰ ਬਿਨਾ ਓ ਭੋਲੇ, ਸੱਚ ਦੀ ਕੋਈ ਦੁਕਾਨ ਨਹੀਂ ਹੁੰਦੀ।

ਤੂੰ ਦਾਰੂ ਦੇ ਲੋਰ 'ਚ ਆ ਕੇ, ਸੜਕਾਂ ਉੱਤੇ ਬੜ੍ਹਕਾਂ ਮਾਰੇਂ,
ਤੇਰੇ ਵਰਗੇ ਅੰਦਰ ਸ਼ੀਸ਼ਾ, ਖ਼ੁਦ ਵੇਖਣ ਲਈ ਜਾਨ ਨਹੀਂ ਹੁੰਦੀ।

ਸੰਗਮਰਮਰ ਤੇ ਸੋਨੇ ਵਾਲੇ ਮਹਿਲ ਮੁਨਾਰੇ ਹੋ ਸਕਦੇ ਨੇ,
ਗੁਰੂ ਦੇ ਸ਼ਬਦ ਬਿਨਾ ਓ ਭਲਿਓ, ਕੌਮਾਂ ਦੀ ਕੋਈ ਸ਼ਾਨ ਨਹੀਂ ਹੁੰਦੀ।

ਸ਼ਬਦ, ਵਿਚਾਰ ਲਿਆਕਤ ਹੀਣੀ ਅੱਜ ਵੀ ਮੋਈ, ਕੱਲ੍ਹ ਵੀ ਮੋਈ,
ਸਿਰਫ਼ ਭੁਲੇਖੇ ਪਾਲਣ ਵਾਲੀ ਕੌਮ ਕਦੇ ਬਲਵਾਨ ਨਹੀਂ ਹੁੰਦੀ।

ਵਿਰਸੇ ਦਾ ਸਵੈਮਾਣ ਜ਼ਰੂਰੀ, ਪਰ ਹਿੰਮਤ ਵੀ ਓਨੀ ਲਾਜ਼ਿਮ,
ਸਾਹਾਂ ਬਾਝੇਂ ਨਿਰਜਿੰਦ ਪੋਰੀ, ਵੰਝਲੀ ਵਿਚ ਵੀ ਤਾਨ ਨਹੀਂ ਹੁੰਦੀ।

.

ਮਿਰਗਾਵਲੀ-28