ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ੀਸ਼ੇ ਅੰਦਰ ਕਿਸ ਦਾ ਚਿਹਰਾ, ਮੇਰੇ ਤੇ ਕਿਉਂ ਹੱਸ ਰਿਹਾ ਹੈ।
ਜੋ ਕੁਝ ਮੈਂ ਅੱਜ ਤੀਕ ਲੁਕਾਇਆ, ਬੋਲ ਬੋਲ ਕੇ ਦੱਸ ਰਿਹਾ ਹੈ।

ਮਾਰੂਥਲ ਵਿਚ ਕਾਲੇ ਬੱਦਲ, ਅਜਬ ਕ੍ਰਿਸ਼ਮਾ, ਇਹ ਕੀ ਵਰ੍ਹਦਾ,
ਅਣਵਿੱਧ ਮੋਤੀ ਗਿਣਨੋਂ ਬਾਹਰੇ, ਨੈਣੋਂ ਸਾਵਣ ਵੱਸ ਰਿਹਾ ਹੈ।

ਵਰ੍ਹਿਆਂ ਬਾਦ ਮੁਹੱਬਤ ਚੇਤੇ ਆਈ, ਮੈਨੂੰ ਇਹ ਕੀ ਹੋਇਆ,
ਚਾਨਣ ਵੰਨੀ ਰੂਹ ਦਾ ਜਲਵਾ, ਗਲਵੱਕੜੀ ਵਿਚ ਕੱਸ ਰਿਹਾ ਹੈ।

ਅਜਬ ਕਹਿਰ, ਇਹ ਨੀਮ ਜ਼ਹਿਰ, ਕਿਉਂ ਅੰਗ ਅੰਗ ਤੇ ਜਾਵੇ ਚੜ੍ਹਦਾ,
ਅੱਗ ਦੀ ਉਮਰੇ ਸੱਪ ਲੜਿਆ ਸੀ, ਓਹੀ ਮੁੜ ਕੇ ਡੱਸ ਰਿਹਾ ਹੈ।

ਬੇਹੋਸ਼ੀ ਹੈ, ਕੁਝ ਨਹੀਂ ਚੇਤੇ, ਪਰ ਮੇਰੇ ਅੰਦਰ ਕੁਝ ਤੁਰਦਾ,
ਨਾਲ ਮੁਹੱਬਤ ਜੀਕੂੰ ਕੋਈ, ਮੇਰੀਆਂ ਤਲੀਆਂ ਝੱਸ ਰਿਹਾ ਹੈ।

ਮਟਕ ਚਾਨਣਾ, ਆਲ ਦੁਆਲੇ, ਰੂਹ ਵਿੱਚ ਇਹ ਕੀ, ਗੁੜ੍ਹ ਹਨੇਰੇ,
ਮੇਰਾ ਮਹਿਰਮ, ਏਦਾਂ ਕਰਕੇ, ਖੁਸ਼ੀਆਂ ਨੂੰ ਕਿਉਂ ਖੱਸ ਰਿਹਾ ਹੈ।

ਮੈਂ ਕਿੱਧਰ ਨੂੰ ਤੁਰਿਆ ਜਾਵਾਂ, ਜਲਥਲ, ਦਲਦਲ ਚਾਰ ਚੁਫ਼ੇਰੇ,
ਪਿਛਲਾ ਕਦਮ ਗਵਾਚ ਰਿਹਾ ਹੈ, ਅਗਲਾ ਹੇਠਾਂ ਧੱਸ ਰਿਹਾ ਹੈ।

.

ਮਿਰਗਾਵਲੀ-29