ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਹੀਂ ਬਿਰਖ਼ ਉਦਾਸ ਬੜੇ ਸੀ, ਲੱਭਦੇ ਫਿਰਦੇ ਛਾਵਾਂ ਨੂੰ।
ਰੋਗ ਵਿਯੋਗ ਦਾ ਖਾਵੇ ਜੀਕੂੰ, ਕੱਲਮ-ਮ-ਕੱਲ੍ਹੀਆਂ ਮਾਵਾਂ ਨੂੰ।

ਪਹਿਲੀ ਵਾਰ ਮਿਲੇ ਸੀ ਜਿੱਥੇ, ਅੱਜ ਵੀ ਨੁੱਕਰਾਂ ਮਹਿਕਦੀਆਂ,
ਆਪਾਂ ਭੁੱਲ ਭੁਲਾ ਗਏ ਭਾਵੇਂ, ਸੱਜਣਾਂ ਉਹਨਾਂ ਥਾਵਾਂ ਨੂੰ।

ਤਨ ਤੇ ਮਨ ਵਿਚਕਾਰ ਹਮੇਸ਼ਾਂ ਉਹ ਧਰਤੀ ਵੀ ਹੁੰਦੀ ਹੈ,
ਜਿਥੇ ਮਿਲਦੀ ਅਜਬ ਚਾਨਣੀ, ਪਾਲਣਹਾਰੇ ਚਾਵਾਂ ਨੂੰ।

ਏਸ ਸ਼ਹਿਰ ਵਿਚ ਪੱਕੀਆਂ ਸੜਕਾਂ, ਰਾਹ ਭੁੱਲ ਜਾਂਦਾ ਹਾਂ ਅਕਸਰ ਹੀ,
ਭੁੱਲਦਾ ਨਹੀਂ ਮੈਂ ਪੈਰੀਂ ਗਾਹੀਆਂ, ਪਗਡੰਡੀਆਂ ਤੇ ਰਾਹਵਾਂ ਨੂੰ।

ਰਿਸ਼ਤੇ ਨਾਤੇ ਅਸਲੀ ਤਾਕਤ, ਪੜ੍ਹ ਤੂੰ ਮੇਰੇ ਹੰਝੂਆਂ 'ਚੋਂ,
ਪੱਥਰ ਦੀ ਅੱਖ ਵੇਖ ਸਕੇ ਨਾ, ਦਿਲ ਦੇ ਹਾਵਾਂ ਭਾਵਾਂ ਨੂੰ।

ਵਲੀ ਕੰਧਾਰੀ ਵਾਲੀ ਬਿਰਤੀ, ਤੇਰੇ ਵਿੱਚ ਵੀ ਜਾਗ ਪਈ,
ਤਾਂਹੀਉਂ ਮੁੱਠੀ ਦੇ ਵਿੱਚ ਬੰਨ੍ਹਣਾ ਚਾਹਵੇਂ ਤੂੰ ਦਰਿਆਵਾਂ ਨੂੰ।

ਦਿਲ ਦੀਵਾਰ ਉਸਾਰ ਨਾ ਵੀਰਾ, ਇਸ ਨੇ ਪੱਕੀ ਹੋ ਜਾਣਾ,
ਕਿੱਦਾਂ ਛਾਤੀ ਨਾਲ ਲਗਾਵੇਂਗਾ ਤੇ ਭੱਜੀਆਂ ਬਾਹਵਾਂ ਨੂੰ।

ਚੱਲ ਬੱਚੇ ਬਣ ਜਾਈਏ ਮੁੜ ਕੇ, ਮੀਂਹ ਵਿੱਚ ਭਿੱਜੀਏ ਪਹਿਲਾਂ ਵਾਂਗ,
ਇੱਕ ਦੂਜੇ ਨੂੰ ਫੇਰ ਬੁਲਾਈਏ, ਲੈ ਲੈ ਕੱਚਿਆਂ ਨਾਵਾਂ ਨੂੰ।

.

ਮਿਰਗਾਵਲੀ-30