ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁੱਖ ਧਾਲੀਵਾਲ ਦੇ ਨਾਂ


ਕੀ ਦੱਸਾਂ ਮਹਿਕੰਦੜੇ ਯਾਰੋ, ਹੁਣ ਤਾਂ ਚੇਤਾ ਭੁਲ ਜਾਂਦਾ ਹੈ।
ਇਹ ਮਨ ਚੰਚਲ, ਕਿੰਨਾ ਸ਼ੋਹਦਾ, ਮੋਹ ਮਿਲਿਆ ਤੇ ਡੁਲ੍ਹ ਜਾਂਦਾ ਹੈ।

ਕਹਿਣ ਅਮੋਲਕ ਦਿਲ ਦਾ ਸੌਦਾ, ਇਸ ਦੀ ਕੀਮਤ ਕਿਹੜਾ ਪਾਵੇ,
ਤੂੰ ਵੇਖੇਂ ਤਾਂ ਢੇਰੀ ਹੋ ਕੇ, ਪਿਆਰ ਦੀ ਤੱਕੜੀ ਤੁਲ ਜਾਂਦਾ ਹੈ।

ਇੱਕ ਪੁੰਨੂੰ ਕੀਹ ਕਿੰਨੇ ਰਾਂਝੇ, ਯੂਸਫ਼ ਵਰਗੇ, ਮਿਰਜ਼ੇ ਮੋਏ,
ਇਸ਼ਕ ਸਮੁੰਦਰ ਵਿੱਚ ਬੁਲ-ਬੁਲਾ, ਛੱਲਾਂ ਦੇ ਵਿਚ ਰੁਲ ਜਾਂਦਾ ਹੈ।

ਓਹੀ ਹਰਕਤ, ਓਹੀ ਲਹਿਰਾਂ, ਕਾਲੀ ਚਿੱਟੀ ਚਮੜੀ ਥੱਲੇ,
ਨੈਣਾਂ ਤੋਂ ਨੈਣਾਂ ਤੱਕ ਹਰ ਥਾਂ, ਅਣਦਿਸਦਾ ਇੱਕ ਪੁਲ ਜਾਂਦਾ ਹੈ।

ਤੇਰੀ ਰੂਹ ਦਾ ਰੰਗ ਬਲੌਰੀ, ਨਿਰਮਲ ਜਿਉਂ ਭਰ ਵਗਦਾ ਚਸ਼ਮਾ,
ਜਿਸਮਾਂ ਨੂੰ ਛੱਡ, ਦਿਲ ਵਿਚ ਮੇਰੇ, ਧੁਰ ਅੰਦਰ ਤੱਕ ਘੁਲ ਜਾਂਦਾ ਹੈ।

ਪੱਛੋਂ ਤੇ ਪੁਰਵੱਈਏ ਵਰਗਾ, ਕੁਝ ਨਹੀਂ ਦਿਸਦਾ, ਧੁੱਪੇ ਛਾਵੇਂ,
ਮਨ ਦੇ ਮਹਿਰਮ ਬਾਥੋਂ ਤਨ ਤੇ, ਇਹ ਵੀ ਝੱਖੜ ਝੁਲ ਜਾਂਦਾ ਹੈ।

ਮਿੱਟੀ ਦੇ ਦੀਵੇ ਵਿੱਚ ਬੱਤੀ, ਤੇਲ-ਹੱਬਤੀ ਮੰਗਦੀ ਤੈਥੋਂ,
ਭੁੱਲ ਨਾ ਜਾਵੀਂ, ਏਸ ਬਿਨਾਂ ਇਹ, ਪਲ ਅੰਦਰ ਹੋ ਗੁਲ ਜਾਂਦਾ ਹੈ।

ਮਿਰਗਾਵਲੀ-31