ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਤਿਬੀਰ ਤੇ ਤੇਜਪ੍ਰਤਾਪ ਸਿੰਘ ਸੰਧੂ ਦੇ ਨਾਂ...

ਇਕ ਦੂਜੇ ਦੀ ਛਾਵੇਂ ਰਹੀਏ, ਆ ਜਾ ਬੈਠ ਉਦਾਸੀ ਧੋਈਏ।
ਆਪੋ ਅਪਣੇ ਮਨ ਦੀ ਮਿੱਟੀ, ਕੁੱਟੀਏ, ਭੰਨੀਏ, ਮੁੜ ਕੇ ਗੋਈਏ।

ਸ਼ਬਦ ਵਿਚਾਰੇ ਰਾਹ ਵਿੱਚ ਰਹਿ ਗਏ, ਸੰਗਦੇ ਮਰਦੇ ਦੱਸ ਕੀ ਕਰਦੇ,
ਆ ਇਨ੍ਹਾਂ ਵਿਚ ਜਾਨ ਪਰੋਈਏ, ਹੁਣ ਹੀ ਤੁਰੀਏ, ਅੱਗੇ ਹੋਈਏ।

ਇਹ ਜੀਵਨ ਸ਼ਤਰੰਜ ਦੀ ਬਾਜ਼ੀ, ਬਿਨ ਖੇਡਣ ਤੋਂ ਆਪਾਂ ਹਾਰੇ,
ਆ ਹਾਰਨ ਦਾ ਜਸ਼ਨ ਮਨਾਈਏ, ਖੁੱਲ੍ਹ ਕੇ ਹੱਸੀਏ, ਕਾਹਨੂੰ ਰੋਈਏ।

ਕੀਹ ਕਰਨੇ ਦੁਨੀਆਂ ਦੇ ਮੇਲੇ, ਵੰਨ ਸੁਵੰਨੇ ਦਰਦ-ਝਮੇਲੇ,
ਯਾਦਾਂ ਦੀ ਕੰਨੀ ਨਾ ਛੱਡੀਏ, ਇੱਕ ਦੂਜੇ ਦੇ ਨੈਣੀਂ ਖੋਈਏ।

ਜਿਸ ਰਿਸ਼ਤੇ ਦਾ ਨਾਮ ਨਾ ਕੋਈ, ਚਿਤਵਦਿਆਂ ਮਨ ਖਿੜ ਪੁੜ ਜਾਵੇ,
ਆ ਐਸੇ ਮਹਿਬੂਬ ਦੀ ਖ਼ਾਤਰ, ਰਲ ਕੇ ਤੇਲ ਬਰੂਹੀਂ ਚੋਈਏ।

ਅਣਵਾਹੀ ਇੱਕ ਲੀ ਵਿਚਾਲੇ, ਲੰਘਣਾ ਚਾਹਿਆ, ਲੰਘ ਨਹੀਂ ਸਕਿਆ,
ਬਿਨ ਮਿਲਿਆ ਤੋਂ ਸਾਂਝੀ ਧੜਕਣ, ਆ ਜਾ ਦੋਵੇਂ ਇੱਕ ਸਾਹ ਹੋਈਏ।

ਲੰਘ ਗਈ ਰੇਲ ਮੁਸਾਫ਼ਿਰ ਬੈਠੇ, ਟੇਸਣ ਉੱਤੇ ਕੱਲ-ਮ-ਕੱਲ੍ਹੇ,
ਆ ਜਾ ਤੁਰੀਏ ਰਲ ਕੇ ਦੋਵੇਂ, ਮੰਜ਼ਿਲ ਦੇ ਕੁਝ ਨੇੜੇ ਹੋਈਏ।

ਮਿਰਗਾਵਲੀ-32