ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

*ਝੀਲ ਦੇ ਪਾਣੀ 'ਚ ਚਿਹਰਾ ਆਪਣਾ ਕੀ ਤੱਕਿਆ।
ਆਦਮੀ ਹੈਂ, ਰੀਸ ਕਰ, ਬਿਨ ਬੋਲਿਆਂ ਉਸ ਆਖਿਆ।

ਰੌਸ਼ਨੀ ਤੋਂ ਵੀ ਕਿਤੇ ਸੀ ਪਾਰਦਰਸ਼ੀ ਨੀਰ ਸਾਫ਼,
ਵੇਖਿਆ ਇਕ ਵਾਰ ਤਾਂ ਬੱਸ, ਬਸ ਵੇਖਦਾ ਹੀ ਰਹਿ ਗਿਆ।

ਜੰਮ ਜਾਂਦੀ ਹਾਂ ਸਿਆਲਾਂ ਵਿੱਚ ਮੈਂ ਵੀ ਬਰਫ਼ ਬਣ,
ਤੂੰ ਜਦੋਂ ਆਉਂਦਾ ਨਹੀਂ, ਨਜ਼ਦੀਕ ਮੇਰੇ ਉਸ ਕਿਹਾ।

ਮੇਰੇ ਕੰਢੇ ਫੁੱਲ ਬੂਟੇ, ਵਗ ਰਹੀ ਨਿਰਮਲ ਸਮੀਰ,
ਮੇਰੀ ਰੂਹ ਦੇ ਗੀਤ ਨੂੰ ਬ੍ਰਹਿਮੰਡ ਸਾਰਾ ਗਾ ਰਿਹਾ।

ਹੋਰ ਲੋਕਾਂ ਵਾਸਤੇ ਮੈਂ ਸਿਰਫ਼ ਨਿੱਤਰੀ ਝੀਲ ਹਾਂ,
ਮੈਂ ਤੇਰੀ ਕਵਿਤਾ, ਗ਼ਜ਼ਲ ਜਾਂ ਗੀਤ ਲਿਖ ਲੈ ਭੋਲਿਆ।

ਤੂੰ ਤਾਂ ਮਨ ਦੀ ਲਹਿਰ ਵਾਂਗੂੰ ਅੰਗ ਸੰਗ ਮੇਰੇ ਸਦਾ,
ਲਿਖ ਸਕੇ ਤਾਂ ਉਹ ਸੁਖ਼ਨ ਲਿਖ, ਜੋ ਅਜੇ ਹੈ ਅਣਕਿਹਾ।

ਮੇਰੇ ਪਿੱਛੇ, ਬਹੁਤ ਪਿੱਛੇ, ਬਰਫ਼ ਦੇ ਅਣਮੁੱਕ ਪਹਾੜ,
ਦਰਦ ਉਨ੍ਹਾਂ ਦਾ ਮੇਰੇ ਸਾਹੀਂ ਨਿਰੰਤਰ ਘੁਲ ਰਿਹਾ।

ਫੇਰ ਨੂਰੋ ਨੂਰ ਸੀ, ਮਖ਼ਮੂਰ ਸੀ, ਦਿਲ ਤੇ ਬਦਨ,
ਬੋਲਿਆਂ ਬਿਨ ਜਦ ਸੁਣਾਈ ਓਸ ਪੂਰੀ ਵਾਰਤਾ।

ਜਦ ਮੁਹੱਬਤ ਨਾਲ ਉਸ ਨੇ ਨਜ਼ਰ ਭਰ ਕੇ ਵੇਖਿਆ,
ਓਸ ਪਿੱਛੋਂ ਯਾਦ ਨਹੀਂ, ਮੈਨੂੰ ਕਿ ਉਸ ਨੇ ਕੀ ਕਿਹਾ?
*ਬਲਵਿੰਦਰ ਸਿੰਘ ਕਾਹਲੋਂ, ਸੰਗਰਾਮ ਸੰਧੂ, ਬਲਜੀਤ ਪੰਧੇਰ ਅਤੇ
ਅਵਿਨਾਸ਼ ਸਿੰਘ ਖੰਘੂੜਾ ਦੇ ਸੰਗ ਲੇਕ ਲੂਈਸ
ਕੈਲਗਰੀ ਦੇ ਕੰਢੇ ਬੈਠ ਕੇ

ਮਿਰਗਾਵਲੀ-33