ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/122

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਹੇ।

"ਪਰ ਇਹ ਸਭ ਹੋਇਆ ਕਿਵੇਂ?” ਅੰਤ ਉਸਦੇ ਚਾਚੇ ਨੇ ਪੁੱਛਿਆ, ਉਹ ਇੱਕ ਦਮ ਇੰਨੀ ਤੇਜ਼ੀ ਨਾਲ ਰੁਕ ਗਿਆ ਕਿ ਉਹਨਾਂ ਦੇ ਪਿੱਛੇ ਤੁਰ ਰਹੇ ਲੋਕ ਡਰ ਜਿਹੇ ਗਏ। "ਅਜਿਹੀਆਂ ਘਟਨਾਵਾਂ ਅਚਾਨਕ ਨਹੀਂ ਹੋ ਜਾਂਦੀਆਂ, ਉਹਨਾਂ ਨੂੰ ਹੋਣ ਵਿੱਚ ਵਕਤ ਲੱਗਦਾ ਹੈ, ਤੈਨੂੰ ਇਸਦੀ ਕੋਈ ਨਾ ਕੋਈ ਚੇਤਾਵਨੀ ਜ਼ਰੂਰ ਮਿਲੀ ਹੋਵੇਗੀ। ਤੂੰ ਮੈਨੂੰ ਦੱਸਿਆ ਕਿਉਂ ਨਹੀਂ? ਤੈਨੂੰ ਪਤਾ ਹੈ ਮੈਂ ਤੇਰੇ ਲਈ ਕੁੱਝ ਵੀ ਕਰ ਸਕਦਾ ਹਾਂ ਅਤੇ ਇੱਕ ਤਰ੍ਹਾਂ ਨਾਲ ਮੈਂ ਹੁਣ ਵੀ ਤੇਰਾ ਰੱਖਿਅਕ ਹਾਂ ਅਤੇ ਅੱਜ ਤੱਕ ਤਾਂ ਮੈਨੂੰ ਇਸ ’ਤੇ ਮਾਣ ਰਿਹਾ ਹੈ। ਅੱਜ ਵੀ ਸੁਭਾਵਿਕ ਤੌਰ 'ਤੇ ਮੈਂ ਤੇਰੀ ਜਿਹੜੀ ਵੀ ਮਦਦ ਕਰ ਸਕਦਾ ਹਾਂ, ਜ਼ਰੂਰ ਕਰਾਂਗਾ। ਹਾਲਾਂਕਿ ਜੇ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਤਾਂ ਮੁਸ਼ਕਿਲ ਪੇਸ਼ ਆ ਸਕਦੀ ਹੈ। ਫਿਰ ਵੀ ਹਰ ਹਾਲਤ ਵਿੱਚ ਇਹ ਬਿਹਤਰ ਹੋਏਗਾ ਕਿ ਤੂੰ ਛੁੱਟੀ ਲੈ ਲਵੇਂ ਅਤੇ ਕੁੱਝ ਦਿਨ ਦੇ ਲਈ ਸਾਡੇ ਕੋਲ ਪਿੰਡ ਆ ਜਾਵੇਂ। ਇਸਦੇ ਇਲਾਵਾ ਮੈਂ ਮਹਿਸੂਸ ਕਰ ਰਿਹਾ ਹਾਂ ਕਿ ਤੂੰ ਕੁੱਝ ਪਤਲਾ ਵੀ ਹੋ ਗਿਆ ਏਂ। ਪਿੰਡ 'ਚ ਆ ਕੇ ਤੇਰੀ ਸਿਹਤ ਵੀ ਚੰਗੀ ਹੋ ਜਾਏਗੀ ਅਤੇ ਇਹ ਜ਼ਰੂਰੀ ਵੀ ਹੈ, ਕਿਉਂਕਿ ਇਹ ਤਾਂ ਪੱਕਾ ਹੈ ਕਿ ਆਉਣ ਵਾਲਾ ਵਕਤ ਤੇਰੇ ਲਈ ਔਖਾ ਹੋਏਗਾ। ਇਸਦੇ ਬਿਨਾਂ, ਕਿਸੇ ਹੱਦ ਤੱਕ ਤੈਨੂੰ ਕਚਹਿਰੀ ਦੀ ਪਹੁੰਚ ਤੋਂ ਨਿਜਾਤ ਮਿਲੇਗੀ। ਇੱਥੇ ਉਹਨਾਂ ਕੋਲ ਹਰ ਸੰਭਵ ਰਸਤਾ ਹੈ, ਜਿਸਦਾ ਜੇਕਰ ਜ਼ਰੂਰੀ ਹੋਵੇ ਤਾਂ ਤੇਰੇ ਖਿਲਾਫ਼ ਮਨਚਾਹਿਆ ਪ੍ਰਯੋਗ ਕਰ ਸਕਦੇ ਹਨ, ਪਰ ਪਿੰਡ ਦੇ ਲਈ ਤਾਂ ਉਹਨਾਂ ਨੂੰ ਆਪਣਾ ਕੋਈ ਏਜੰਟ ਤੈਨਾਤ ਕਰਨਾ ਪਵੇਗਾ ਜਾਂ ਉਹਨਾਂ ਕੋਲ ਤੇਰੇ ਤੱਕ ਪਹੁੰਚਣ ਲਈ ਖ਼ਤ, ਤਾਰ ਜਾਂ ਟੈਲੀਫ਼ੋਨ ਦੇ ਬਿਨ੍ਹਾਂ ਕੁੱਝ ਵੀ ਨਹੀਂ ਹੋਵੇਗਾ। ਇਸ ਨਾਲ ਕੁਦਰਤੀ ਤੌਰ 'ਤੇ ਉਹਨਾਂ ਦੇ ਪ੍ਰਭਾਵ ਵਿੱਚ ਕਮੀ ਆਵੇਗੀ। ਹਾਲਾਂਕਿ ਇਸ ਨਾਲ ਤੂੰ ਆਜ਼ਾਦ ਨਹੀਂ ਹੋ ਜਾਵੇਗਾ, ਪਰ ਇਸ ਨਾਲ ਤੈਨੂੰ ਕੁੱਝ ਸਾਹ ਲੈਣ ਜੋਗਾ ਸਮਾਂ ਤਾਂ ਜ਼ਰੂਰ ਮਿਲੇਗਾ।"

"ਪਰ ਉਹ ਮੇਰੇ ਸ਼ਹਿਰ ਛੱਡਣ 'ਤੇ ਮਨਾਹੀ ਲਾ ਦੇਣਗੇ," ਕੇ. ਨੇ ਕਿਹਾ, ਜਿਹੜਾ ਆਪਣੇ ਚਾਚੇ ਦੀਆਂ ਵਾਜਬ ਗੱਲਾਂ ਦੇ ਕਰਕੇ ਅਧਿਕਾਰੀਆਂ ਦੇ ਦਿਮਾਗ ਦੀ ਟੋਹ ਲੈਣ ਦੇ ਲਈ ਆਪਣੇ ਆਪ ਨੂੰ ਤਿਆਰ ਹੁੰਦਾ ਮਹਿਸੂਸ ਕਰ ਰਿਹਾ ਸੀ।

"ਮੈਂ ਨਹੀਂ ਸਮਝਦਾ ਕਿ ਉਹ ਉਸ ਉੱਤੇ ਯਕੀਨ ਕਰਨਗੇ," ਚਾਚੇ ਨੇ ਕੁੱਝ ਵਿਚਾਰਦਿਆਂ ਕਿਹਾ, "ਤੇਰੇ ਚਲੇ ਜਾਣ ਪਿੱਛੋਂ ਤੇਰੇ ਉੱਪਰ ਆਪਣਾ ਜਿਹੜਾ ਅਧਿਕਾਰ ਉਹ ਗੁਆ ਲੈਣਗੇ, ਉਹ ਕੋਈ ਵੱਡਾ ਨਹੀਂ ਹੋਵੇਗਾ।"

128 ॥ ਮੁਕੱਦਮਾ