ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/126

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਅੱਠ ਵੱਜੇ ਹਨ। ਇਸ ਵੇਲੇ ਵੀ ਮੁਅੱਕਿਲਾਂ ਦਾ ਆਉਂਦੇ-ਜਾਂਦੇ ਰਹਿਣਾ ਅਜੀਬੋ-ਗਰੀਬ ਹੈ। ਫ਼ਿਰ ਵੀ ਹੁਲਡ ਮੇਰਾ ਤਹਿ ਦਿਲੋਂ ਸਵਾਗਤ ਕਰੇਗਾ।"

"ਬੂਹੇ ਦੀ ਮੋਰੀ ਵਿੱਚ ਦੋ ਵੱਡੀਆਂ-ਵੱਡੀਆਂ ਅੱਖਾਂ ਦਿਸਣ ਲੱਗ ਪਈਆਂ, ਜਿਨ੍ਹਾਂ ਨੇ ਬਾਹਰ ਖੜ੍ਹੇ ਮਹਿਮਾਨਾਂ ਦਾ ਕੁੱਝ ਦੇਰ ਮੁਆਇਨਾ ਕੀਤਾ ਅਤੇ ਫ਼ਿਰ ਗੁੰਮ ਹੋ ਗਈਆਂ। ਪਰ ਬੂਹਾ ਨਹੀਂ ਖੁੱਲ੍ਹਿਆ। ਕੇ. ਅਤੇ ਉਸਦਾ ਚਾਚਾ ਦੋਵਾਂ ਨੇ ਇੱਕ-ਦੂਜੇ ਦੇ ਵੱਲ ਵੇਖਿਆ ਅਤੇ ਤਸੱਲੀ ਦਿੱਤੀ ਕਿ ਉਹਨਾਂ ਨੇ ਸਚਮੱਚ ਦੋ ਅੱਖਾਂ ਵੇਖੀਆਂ ਹਨ।

"ਇਹ ਉਸਦੀ ਨਵੀਂ ਨੌਕਰਾਣੀ ਹੋਵੇਗੀ ਜਿਹੜੀ ਅਣਜਾਣ ਬੰਦਿਆਂ ਤੋਂ ਡਰਦੀ ਹੈ," ਕੇ. ਦੇ ਚਾਚੇ ਨੇ ਕਿਹਾ ਅਤੇ ਬੂਹਾ ਫੇਰ ਖੜਕਾ ਦਿੱਤਾ। ਇੱਕ ਵਾਰ ਫੇਰ ਉਹੀ ਅੱਖਾਂ ਵਿਖਾਈ ਦਿੱਤੀਆਂ ਅਤੇ ਉਹ ਥੋੜੀਆਂ ਉਦਾਸ ਲੱਗ ਰਹੀਆਂ ਸਨ, ਪਰ ਸ਼ਾਇਦ ਇਹ ਸਿਰਫ਼ ਇੱਕ ਵਹਿਮ ਸੀ, ਜਿਹੜਾ ਉਹਨਾਂ ਦੇ ਸਿਰ ਦੇ ਉੱਤੇ ਬਲਦੇ ਹੋਏ ਇੱਕ ਖੁੱਲੇ ਗੈਸ-ਜੈਟ ਦੁਆਰਾ ਪੈਦਾ ਹੋ ਰਿਹਾ ਸੀ ਅਤੇ ਇੱਕ ਤਿੱਖੀ ਅਵਾਜ਼ ਕਰ ਰਿਹਾ ਸੀ, ਪਰ ਵਧੇਰੇ ਰੌਸ਼ਨੀ ਪੈਦਾ ਨਹੀਂ ਕਰ ਰਿਹਾ ਸੀ।

"ਖੋਲ੍ਹ!" ਕੇ. ਦੇ ਚਾਚੇ ਨੇ ਬੂਹੇ ਉੱਪਰ ਆਪਣਾ ਗੁੱਟ ਮਾਰ ਕੇ ਕਿਹਾ - "ਅਸੀਂ ਵਕੀਲ ਸਾਹਬ ਦੇ ਦੋਸਤ ਹਾਂ।"

"ਸ੍ਰੀਮਾਨ ਹੁਲਡ ਬਿਮਾਰ ਹਨ," ਉਹਨਾਂ ਦੇ ਪਿੱਛੇ ਇੱਕ ਫੁਸਫਸਾਹਟ ਉੱਭਰ ਆਈ। ਗੈਲਰੀ ਦੇ ਦੂਜੇ ਕਿਨਾਰੇ ਦੀ ਤੰਗ ਜਿਹੀ ਜਗ੍ਹਾ 'ਤੇ ਡੈਸਿੰਗ ਗਾਊਨ ਪਾਈ ਇੱਕ ਆਦਮੀ ਖੜ੍ਹਾ ਸੀ ਜਿਸਨੇ ਬਹੁਤ ਹੌਲੀ ਅਵਾਜ਼ ਵਿੱਚ ਇਹ ਸੂਚਨਾ ਦਿੱਤੀ ਸੀ। ਚਾਚਾ, ਜਿਹੜਾ ਹੁਣ ਤੱਕ ਇਸ ਲੰਮੀ ਉਡੀਕ ਤੋਂ ਵੈਸੇ ਹੀ ਕਾਫ਼ੀ ਤੰਗ ਹੋ ਗਿਆ ਸੀ, ਨੇ ਗੁੱਸੇ ਜਿਹੇ ਨਾਲ ਪੁੱਛਿਆ, "ਬਿਮਾਰ ਹੈ? ਤੂੰ ਕਹਿੰਦਾ ਏਂ ਕਿ ਉਹ ਬਿਮਾਰ ਹੈ?" ਇਹ ਕਹਿੰਦਾ ਹੋਇਆ ਉਹ ਲਗਭਗ ਧਮਕਾਉਂਦਾ ਜਿਹਾ ਹੋਇਆ ਉਸ ਆਦਮੀ ਦੇ ਕੋਲ ਪਹੁੰਚ ਗਿਆ, ਜਿਵੇਂ ਉਹ ਆਪ ਹੀ ਬਿਮਾਰ ਹੋਵੇ।

"ਬੂਹਾ ਤਾਂ ਖੁੱਲ੍ਹਾ ਹੀ ਹੈ, ਉਸ ਆਦਮੀ ਨੇ ਜਵਾਬ ਦਿੱਤਾ, ਅਤੇ ਵਕੀਲ ਦੇ ਬੂਹੇ ਦੇ ਵੱਲ ਉਂਗਲ ਚੁੱਕ ਕੇ ਅਤੇ ਆਪਣੇ ਫ਼ੈਸਿੰਗ ਗਾਉਨ ਨੂੰ ਸੰਭਾਲਦਾ ਹੋਇਆ ਉੱਥੋਂ ਚਲਾ ਗਿਆ।

ਬੂਹਾ ਵਾਕਈ ਹੀ ਖੁੱਲ ਚੁੱਕਾ ਸੀ। ਇੱਕ ਨੌਜਵਾਨ ਜਿਹੀ ਕੁੜੀ, ਕੇ. ਨੇ ਉਹ ਕਾਲੀਆਂ, ਰਤਾ ਕੁ ਉੱਭਰੀਆਂ ਹੋਈਆਂ ਅੱਖਾਂ ਪਛਾਣ ਲਈਆਂ ਸਨ, ਬਹੇ ਦੇ ਪਾਰ ਇੱਕ ਲੰਮਾ ਸਫ਼ੈਦ ਐਪਰਨ ਪਾਈ ਅਤੇ ਹੱਥ ਚ ਮੋਮਬੱਤੀ ਚੁੱਕੀ ਖੜੀ ਸੀ।

132 ॥ ਮੁਕੱਦਮਾ