ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸਨੇ ਆਪਣੀ ਸੁਰੱਖਿਆ 'ਤੇ ਉਤਰਨ ਦੀ ਬਜਾਏ ਉਸਨੇ ਸਿਰਫ਼ ਇੰਨਾ ਕਿਹਾ "ਮੈਂ ਦੇਰ ਨਾਲ ਤਾਂ ਆਇਆਂ ਹਾਂ ਪਰ ਹੁਣ ਤਾਂ ਮੌਜੂਦ ਹਾਂ।"

ਇੱਕ ਵਾਰ ਫ਼ਿਰ ਹਾਲ ਦੇ ਸੱਜੇ ਕੋਨੇ 'ਚੋਂ ਇੱਕ ਪ੍ਰਸ਼ੰਸਾ ਭਰਿਆ ਸ਼ੋਰ ਉੱਠਿਆ। ਇਹਨਾਂ ਲੋਕਾਂ ਦਾ ਮਨ ਜਿੱਤ ਲੈਣਾ ਸੌਖਾ ਹੈ, ਕੇ. ਨੇ ਸੋਚਿਆ, ਅਤੇ ਆਪਣੇ ਠੀਕ ਪਿੱਛੇ ਖੱਬੇ ਪਾਸੇ ਦੇ ਸਮੂਹ ਦੀ ਚੁੱਪ ਤੋਂ ਥੋੜ੍ਹਾ ਵਿਚਲਿਤ ਹੋਇਆ, ਜਿੱਧਰੋਂ ਸਿਰਫ਼ ਇੱਕ-ਦੋ ਤਾੜੀਆਂ ਦੀ 'ਵਾਜ ਆਈ ਸੀ। ਉਸਨੇ ਮਨ ਹੀ ਮਨ ਇੱਕ ਅਜਿਹੀ ਸਕੀਮ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਉਹਨਾਂ ਸਾਰਿਆਂ 'ਤੇ ਉਸਦਾ ਪ੍ਰਭਾਵ ਪੈ ਜਾਏ ਜਾਂ ਘੱਟ ਤੋਂ ਘੱਟ ਦੂਜਿਆਂ ਦੇ ਮਨ ਅਸਥਾਈ ਤੌਰ 'ਤੇ ਤਾਂ ਜਿੱਤ ਲਏ ਜਾਣ।

"ਹਾਂ।" ਉਸ ਆਦਮੀ ਨੇ ਕਿਹਾ- "ਪਰ ਹੁਣ ਮੈਂ ਤੇਰੀ ਸੁਣਵਾਈ ਕਰਨ ਲਈ ਬੰਨ੍ਹਿਆ ਨਹੀਂ ਹਾਂ।" ਇੱਕ ਵਾਰ ਫ਼ਿਰ ਫੁਸਫੁਸਾਹਟ ਫੈਲਣ ਲੱਗੀ, ਪਰ ਇਸ ਵਾਰ ਇਹ ਅਸਪੱਸ਼ਟ ਸੀ, ਕਿਉਂਕਿ ਉਸ ਆਦਮੀ ਨੇ ਲੋਕਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਅਤੇ ਬੋਲਣਾ ਜਾਰੀ ਰੱਖਿਆ- "ਫ਼ਿਰ ਵੀ, ਅੱਜ ਮੈਂ ਤੇਰੀ ਗੱਲ ਸੁਣ ਲੈਂਦਾ ਹਾਂ। ਪਰ ਅੱਗੇ ਤੋਂ ਇਸ ਗ਼ੈਰ-ਜੁੰਮੇਵਾਰੀ ਦਾ ਦੁਹਰਾਅ ਨਹੀਂ ਹੋਣਾ ਚਾਹੀਦਾ। ਅਤੇ ਹੁਣ ਅੱਗੇ ਵਧੋ।"

ਕਿਸੇ ਨੇ ਮੰਚ ਦੇ ਉੱਪਰੋਂ ਛਾਲ ਮਾਰ ਦਿੱਤੀ ਤਾਂ ਕਿ ਕੇ. ਦੇ ਲਈ ਥਾਂ ਬਣ ਜਾਵੇ ਅਤੇ ਉਹ ਉੱਪਰ ਚੜ੍ਹ ਆਇਆ। ਉਹ ਮੇਜ਼ ਦੇ ਨਾਲ ਲੱਗ ਕੇ ਜਾ ਖੜ੍ਹਾ ਹੋਇਆ। ਉਹਦੇ ਪਿੱਛੇ ਲੋਕਾਂ ਦਾ ਭੀੜ-ਭੜੱਕਾ ਇੰਨਾ ਜ਼ਿਆਦਾ ਸੀ ਕਿ ਉਹਨਾਂ ਨੂੰ ਪਿੱਛੇ ਧੱਕਦੇ ਰਹਿਣ ਤੇ ਹੀ ਉੱਥੇ ਖੜਾ ਰਿਹਾ ਜਾ ਸਕਦਾ ਸੀ ਤਾਂ ਕਿ ਜਾਂਚ-ਮੈਜਿਸਟਰੇਟ ਅਤੇ ਉਸਦੇ ਮੇਜ਼ ਨਾਲ ਉਹ ਨਾ ਟਕਰਾਵੇ, ਅਜਿਹਾ ਹੋਣ ਤੇ ਉਸਦਾ ਹੇਠਾਂ ਡਿੱਗ ਜਾਣ ਦਾ ਖ਼ਤਰਾ ਸੀ।

ਜਾਂਚ-ਮੈਜਿਸਟਰੇਟ ਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ ਅਤੇ ਬਿਲਕੁਲ ਆਰਾਮ ਨਾਲ ਆਪਣੀ ਕੁਰਸੀ 'ਤੇ ਬੈਠਾ ਰਿਹਾ। ਉਸਨੇ ਆਪਣੇ ਪਿੱਛੇ ਖੜ੍ਹੇ ਆਦਮੀ ਨੂੰ ਆਖ਼ਰੀ ਸ਼ਬਦ ਕਹਿ ਕੇ ਅਤੇ ਆਪਣੇ ਮੇਜ਼ 'ਤੇ ਪਈ ਸਿਰਫ਼ ਇੱਕ ਚੀਜ਼, ਡਾਇਰੀ ਵੱਲ ਆਪਣਾ ਹੱਥ ਵਧਾਇਆ ਜਿਹੜੀ ਸਕੂਲ ਦੇ ਬੱਚਿਆਂ ਦੀ ਕਾਪੀ ਦੇ ਨਾਲ ਮਿਲਦੀ-ਜੁਲਦੀ ਸੀ, ਜਿਹੜੀ ਕਾਫ਼ੀ ਪੁਰਾਣੀ ਸੀ ਅਤੇ ਵਧੇਰੇ ਵਰਤੋਂ ਹੋਣ ਕਾਰਨ ਬੇਰੰਗ ਜਿਹੀ ਹੋ ਗਈ ਸੀ।

"ਠੀਕ ਹੈ।" ਜਾਂਚ ਮੈਜਿਸਟਰੇਟ ਨੇ ਡਾਇਰੀ ਵਿੱਚ ਨਜ਼ਰ ਘੁਮਾ ਕੇ ਕਿਹਾ।

55॥ ਮੁਕੱਦਮਾ