ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰੇਗਾ, ਜਿਸ ਨਾਲ ਉਸਨੂੰ ਇਹ ਯਕੀਨ ਹੋ ਜਾਵੇ ਕਿ ਉਸਦੀ ਬੇਨਤੀ ਦਾ ਢੁੱਕਵਾਂ ਜਵਾਬ ਦਿੱਤਾ ਜਾ ਰਿਹਾ ਹੈ, ਜਾਂ ਜਿਸਦੇ ਜ਼ਰੀਏ ਨਾਲ ਘੱਟ ਤੋਂ ਘੱਟ ਇਹ ਤਾਂ ਸਪੱਸ਼ਟ ਹੋ ਜਾਵੇ ਕਿ ਉਸਦੀ ਇਹ ਬੇਨਤੀ ਕਿਉਂ ਪੂਰੀ ਨਹੀਂ ਕੀਤੀ ਜਾ ਸਕਦੀ, ਜਦੋਂ ਕਿ ਉਸਨੇ ਹਰੇਕ ਮੁੱਦੇ 'ਤੇ ਉਸਦੀਆਂ ਇੱਛਾਵਾਂ ਦੀ ਇੱਜ਼ਤ ਕਰਨ ਦਾ ਵਾਅਦਾ ਵੀ ਕੀਤਾ ਹੈ। ਚਿੱਠੀਆਂ ਵਾਪਸ ਨਹੀਂ ਮਿਲੀਆਂ, ਪਰ ਉਹਨਾਂ ਦਾ ਕੋਈ ਜਵਾਬ ਵੀ ਨਹੀਂ ਮਿਲਿਆ।

ਭਾਵੇਂ ਐਤਵਾਰ ਨੂੰ ਇਕ ਅਜਿਹਾ ਸੰਕੇਤ ਜ਼ਰੂਰ ਮਿਲਿਆ ਜਿਹੜਾ ਆਪਣੇ ਆਪ ਵਿੱਚ ਕਾਫ਼ੀ ਬੇਅਰਥ ਸੀ। ਸਵੇਰੇ ਸਵੇਰੇ ਕੇ. ਨੇ ਚਾਬੀ ਦੀ ਮੋਰੀ ਵਿੱਚੋਂ ਵੇਖਿਆ ਕਿ ਬਾਹਰ ਵੱਡੇ ਕਮਰੇ ਵਿੱਚ ਖੁੱਲ੍ਹਣ ਵਾਲੇ ਰਸਤੇ ਵਿੱਚ ਅਸਧਾਰਣ ਢੰਗ ਦੀਆਂ ਗਤੀਵਿਧੀਆਂ ਹੋ ਰਹੀਆਂ ਹਨ, ਜਿਹਨਾਂ ਦਾ ਉਦੋਂ ਹੀ ਖੁਲਾਸਾ ਹੋ ਗਿਆ।

ਫ਼ਰੈਂਚ ਦੀ ਇੱਕ ਅਧਿਆਪਿਕਾ, ਉਹ ਦਰਅਸਲ ਮੌਂਤੇਗ ਨਾਂ ਦੀ ਇੱਕ ਜਰਮਨ ਕੁੜੀ ਸੀ, ਦੁਬਲੀ ਪਤਲੀ, ਪੀਲੀ ਜਿਹੀ ਕੁੜੀ, ਜਿਹੜੀ ਥੋੜ੍ਹਾ ਜਿਹਾ ਲੰਗੜਾ ਕੇ ਤੁਰਦੀ ਸੀ, ਜਿਸਦੇ ਕੋਲ ਹੁਣ ਆਪਣਾ ਕਮਰਾ ਸੀ, ਫ਼ਰਾਉਲਨ ਬਸਤਨਰ ਦੇ ਕਮਰੇ ਵਿੱਚ ਜਾ ਰਹੀ ਸੀ। ਘੰਟਿਆਂ ਬੱਧੀ ਉਸਨੂੰ ਇੱਧਰ ਉੱਧਰ ਘੁੰਮਦੇ ਵੇਖਿਆ ਜਾ ਸਕਦਾ ਸੀ। ਵਾਰ-ਵਾਰ ਇਹ ਹੁੰਦਾ ਸੀ ਕਿ ਕਦੇ ਕੋਈ ਕੱਪੜਾ ਜਾਂ ਕਿਤਾਬ ਪਿੱਛੇ ਰਹਿ ਜਾਂਦੀ ਸੀ ਜਾਂ ਉਹ ਭੁੱਲ ਜਾਂਦੀ ਸੀ ਅਤੇ ਉਸਨੂੰ ਲਿਆਉਣ ਲਈ ਉਸਨੂੰ ਖ਼ਾਸ ਤੌਰ 'ਤੇ ਖੇਚਲ ਕਰਨੀ ਪੈਂਦੀ ਸੀ ਅਤੇ ਫ਼ਿਰ ਉਹ ਉਸਨੂੰ ਚੁੱਕ ਕੇ ਆਪਣੇ ਕਮਰੇ ਵਿੱਚ ਲੈ ਜਾਇਆ ਕਰਦੀ ਸੀ।

ਜਦੋਂ ਫ਼ਰਾਅ ਗਰੁਬਾਖ਼ ਕੇ. ਦੇ ਲਈ ਨਾਸ਼ਤਾ ਲਿਆਈ, ਉਸ ਸਮੇਂ ਤੋਂ ਜਦੋਂ ਉਸਨੇ ਕੇ. ਨੂੰ ਕਾਫ਼ੀ ਨਾਰਾਜ਼ ਕਰ ਦਿੱਤਾ ਸੀ, ਉਹ ਨੌਕਰਾਣੀ ਨੂੰ ਕੇ. ਦੇ ਕਿਸੇ ਛੋਟੇ ਤੋਂ ਛੋਟੇ ਕੰਮ ਲਈ ਵੀ ਨਹੀਂ ਭੇਜਦੀ ਸੀ- ਹੁਣ ਪੰਜ ਦਿਨਾਂ ਵਿੱਚ ਪਹਿਲੀ ਵਾਰ ਕੇ. ਉਸਦੇ ਨਾਲ ਗੱਲ ਕਰਨ ਤੋਂ ਖ਼ੁਦ ਨੂੰ ਨਹੀਂ ਰੋਕ ਸਕਿਆ।

"ਹਾਲ 'ਚ ਇਹ ਕਿਹੋ ਜਿਹਾ ਬੇਹੁਦਾ ਸ਼ੋਰ ਹੋ ਰਿਹਾ ਹੈ?" ਉਸਨੇ ਪਿਆਲਿਆਂ 'ਚ ਕੌਫ਼ੀ ਪਾਉਂਦੇ ਹੋਏ ਕਿਹਾ, "ਕੀ ਇਸਨੂੰ ਬੰਦ ਨਹੀਂ ਕੀਤਾ ਜਾ ਸਕਦਾ? ਕੀ ਐਤਵਾਰ ਦੇ ਦਿਨ ਵੀ ਕਮਰਿਆਂ ਨੂੰ ਬੰਦ ਰੱਖਣਾ ਪਵੇਗਾ?"

ਭਾਵੇਂ ਫ਼ਰਾਅ ਗਰੁਬਾਖ਼ ਨੇ ਕੇ. ਦੇ ਚਿਹਰੇ ਉੱਤੇ ਨਜ਼ਰ ਨਹੀਂ ਸੁੱਟੀ ਸੀ, ਪਰ ਫ਼ਿਰ ਵੀ ਉਸਨੂੰ ਲੱਗਿਆ ਕਿ ਉਸਨੇ ਰਾਹਤ ਦੀ ਗਹਿਰਾ ਸਾਹ ਲਿਆ ਹੈ। ਕੇ. ਦੇ ਇਹਨਾਂ ਕਰੜੇ ਸਵਾਲਾਂ ਨੂੰ ਵੀ ਉਸਨੇ ਉਸਦੇ ਮਾਫ਼ ਕਰ ਦੇਣ ਵਾਲੇ ਸੰਕੇਤ ਵੱਜੋਂ ਹੀ

101 ॥ ਮੁਕੱਦਮਾ