ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/94

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਚੌਥਾ ਭਾਗ

ਫ਼ਰਾਊਲਨ ਬਸਤਰ ਦੀ ਦੋਸਤ

ਅਗਲੇ ਕੁੱਝ ਦਿਨਾਂ ਵਿੱਚ ਕੇ. ਨੂੰ ਫ਼ਰਾਊਲਨ ਬਸਤਨਰ ਦੇ ਨਾਲ ਗੱਲ ਕਰਨ ਦਾ ਮੌਕਾ ਨਹੀਂ ਮਿਲਿਆ। ਉਸਨੇ ਉਸ ਕੋਲ ਪਹੁੰਚ ਸਕਣ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਉਹ ਹਮੇਸ਼ਾ ਉਸ ਤੋਂ ਬਚ ਸਕਣ ਵਿੱਚ ਕਾਮਯਾਬ ਰਹੀ। ਉਹ ਦਫ਼ਤਰੋਂ ਸਿੱਧਾ ਘਰ ਆਉਂਦਾ, ਬਿਨ੍ਹਾਂ ਬੱਤੀ ਜਲਾਏ ਆਪਣੇ ਕਮਰੇ ਵਿੱਚ ਰਹਿੰਦਾ, ਸੋਫ਼ੇ 'ਤੇ ਬਹਿ ਕੇ ਹਾਲ ਨੂੰ ਘੂਰਨ ਤੋਂ ਬਿਨ੍ਹਾਂ ਹੋਰ ਕੁੱਝ ਨਾ ਕਰਦਾ। ਜੇ, ਉਦਾਹਰਨ ਦੇ ਲਈ, ਨੌਕਰਾਣੀ ਪਿੱਛੇ ਜਾ ਕੇ ਬੂਹਾ ਬੰਦ ਕਰ ਦਿੰਦੀ, ਕਿਉਂਕਿ ਉਸਦਾ ਕਮਰਾ ਖ਼ਾਲੀ ਲੱਗਦਾ ਸੀ, ਤਾਂ ਥੋੜ੍ਹੀ ਦੇਰ ਬਾਅਦ ਉਹ ਉੱਠ ਜਾਂਦਾ ਅਤੇ ਉਸਨੂੰ ਦੋਬਾਰਾ ਖੋਲ੍ਹ ਦਿੰਦਾ। ਸਵੇਰ ਨੂੰ ਉਹ ਆਮ ਨਾਲੋਂ ਘੰਟਾ ਪਹਿਲਾਂ ਜਾਗ ਜਾਂਦਾ ਕਿ ਸ਼ਾਇਦ ਉਸਦੀ ਮੁਲਾਕਾਤ ਫ਼ਰਾਊਲਨ ਬਸਤਨਰ ਦੇ ਨਾਲ ਉਸ ਵੇਲੇ ਹੋ ਜਾਵੇ ਜਦੋਂ ਉਹ ਦਫ਼ਤਰ ਦੇ ਲਈ ਨਿਕਲਦੀ ਹੈ।

ਪਰ ਇਹਨਾਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਫਲਤਾ ਉਸਦੇ ਹੱਥ ਨਹੀਂ ਲੱਗੀ। ਫ਼ਿਰ ਉਸਨੇ ਉਸਨੂੰ ਲਿਖਿਆ, ਦੋਵੇਂ ਥਾਂਵਾ 'ਤੇ- ਉਸਦੇ ਦਫ਼ਤਰ ਅਤੇ ਫ਼ਲੈਟ 'ਤੇ, ਅਤੇ ਇੱਕ ਵਾਰ ਫਿਰ ਆਪਣੇ ਰਵੱਈਏ ਨੂੰ ਠੀਕ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਉਸਨੇ ਕਿਸੇ ਵੀ ਤਰ੍ਹਾਂ ਦਾ ਅਫ਼ਸੋਸ ਜ਼ਾਹਰ ਕਰਨ ਦੀ ਪੇਸ਼ਕਸ਼ ਕੀਤੀ, ਉਸਨੇ ਵਾਅਦਾ ਕੀਤਾ ਕਿ ਜਿਹੜੀਆਂ ਹੱਦਾਂ ਉਹ ਤੈਅ ਕਰੇਗੀ, ਉਹ ਉਹਨਾਂ ਦਾ ਉਲੰਘਣ ਕਦੇ ਨਹੀਂ ਕਰੇਗਾ, ਅਤੇ ਉਸਨੇ ਸਿਰਫ਼ ਇਹ ਗੁਜ਼ਾਰਿਸ਼ ਕੀਤੀ ਕਿ ਕਿਸੇ ਮੌਕੇ ਉਹ ਉਸਨੂੰ ਗੱਲ ਕਰਨ ਦਾ ਸਮਾਂ ਦੇਵੇ। ਖ਼ਾਸ ਕਰਕੇ, ਉਸਨੇ ਕਿਹਾ ਕਿ ਉਹ ਫ਼ਰਾਅ ਗਰੁਬਾਖ਼ ਦੇ ਨਾਲ ਉਦੋਂ ਤੱਕ ਕੁੱਝ ਵੀ ਤੈਅ ਨਹੀਂ ਕਰ ਸਕੇਗਾ ਜਦੋਂ ਤੱਕ ਉਸਦੇ ਨਾਲ ਉਸਨੇ ਇਸ ਬਾਰੇ 'ਚ ਗੱਲ ਨਾ ਕਰ ਲਈ ਹੋਵੇ, ਅਤੇ ਅੰਤ ਵਿੱਚ ਉਸਨੇ ਦੱਸਿਆ ਕਿ ਅਗਲੇ ਐਤਵਾਰ ਨੂੰ ਪੂਰਾ ਦਿਨ ਉਹ ਆਪਣੇ ਕਮਰੇ ਵਿੱਚ ਹੀ ਰਹੇਗਾ, ਅਤੇ ਉਸਦੇ ਦੁਆਰਾ ਕੀਤੇ ਜਾਣ ਵਾਲੇ ਇਸ਼ਾਰੇ ਦਾ ਇੰਤਜ਼ਾਰ

100॥ ਮੁਕੱਦਮਾ