(1) ਤੁਹਾਡੇ ਵਿਸ਼ਵਾਸ ਅਨੁਸਾਰ ਜੇ ਕੋਈ ਸਰਵ ਸ਼ਕਤੀਮਾਨ, ਸਰਵ ਵਿਆਪਕ ਤੇ ਸਰਵ ਗਿਆਤਾ ਰੱਬ ਹੈ-ਤਾਂ ਦੁਨੀਆਂ ਜਾਂ ਧਰਤੀ ਨੂੰ ਜਿਸਨੇ ਸਾਜਿਆ ਸੀ, ਮੈਨੂੰ ਇਹ ਦੱਸਣ ਦੀ ਮਿਹਰਬਾਨੀ ਕਰੋ ਕਿ ਉਸਨੇ ਧਰਤੀ ਸਾਜੀ ਹੀ ਕਿਉਂ ? ਉਹ ਧਰਤੀ ਜੋ ਦੁੱਖਾਂ, ਆਫ਼ਤਾਂ, ਅਣਗਿਣਤ ਅਨੰਤ ਦੁਖਾਂਤਾਂ ਨਾਲ ਭਰੀ ਪਈ ਹੈ। ਜਿੱਥੇ ਇੱਕ ਵੀ ਜੀਅ ਪੂਰੀ ਤਰ੍ਹਾਂ ਸੁਖੀ ਨਹੀਂ ਹੈ।
ਮਿਹਰਬਾਨੀ ਕਰਕੇ ਇਹ ਨਾ ਆਖੋ ਕਿ ਇਹ ਉਸਦਾ ਨੇਮ ਹੈ: ਜੇ ਉਹ ਕਿਸੇ ਨੇਮ ਦੇ ਵੱਸ ਹੈ, ਤਾਂ ਉਹ ਸਰਵ ਸ਼ਕਤੀਮਾਨ ਨਹੀਂ। ਤਾਂ ਫੇਰ ਉਹ ਵੀ ਸਾਡੇ ਵਰਗਾ ਗ਼ੁਲਾਮ ਹੈ। ਮਿਹਰਬਾਨੀ ਕਰਕੇ ਇਹ ਵੀ ਨਾ ਆਖੋ ਕਿ ਉਸਦਾ ਸ਼ੁਗਲ ਹੈ। ਨੀਰੋ ਨੇ ਤਾਂ ਇਕੋ ਰੋਮ ਸਾੜ ਕੇ ਸਵਾਹ ਕੀਤਾ ਸੀ। ਉਸ ਨੇ ਗਿਣਤੀ ਦੇ ਬੰਦੇ ਜਾਨੋ ਮਾਰੇ ਸਨ। ਉਸਦੇ ਹੱਥੋਂ ਬਹੁਤ ਘੱਟ ਦੁਖਾਂਤ ਵਾਪਰੇ। ਇਹ ਸਭ ਉਸ ਨੇ ਆਪਣੇ ਮਜ਼ੇ ਲਈ ਕੀਤਾ ਤੇ ਇਤਿਹਾਸ ਵਿੱਚ ਉਸ ਨੂੰ ਕਿਹੜੀ ਥਾਂ ਹਾਸਲ ਹੈ ? ਇਤਿਹਾਸਕਾਰ ਉਸਦਾ ਜ਼ਿਕਰ ਕਿਹੜੇ ਨਾਵਾਂ ਨਾਲ਼ ਕਰਦੇ ਹਨ ? ਸਾਰੇ ਵਿਹੁਲੇ ਵਿਸ਼ੇਸ਼ਣ ਉਸਦੇ ਲਈ ਵਰਤੇ ਜਾਂਦੇ ਹਨ। ਜ਼ਾਲਮ, ਬੇਰਹਿਮ, ਸ਼ੈਤਾਨ ਨੀਰੋ ਦੀ ਨਿਖੇਧੀ ਕਰਨ ਲਈ ਲਾਹਨਤਾਂ ਨਾਲ਼ ਸਫ਼ਿਆਂ ਦੇ ਸਫ਼ੇ ਕਾਲੇ ਕੀਤੇ ਪਏ ਹਨ। ਇੱਕ ਚੰਗੇਜ਼ ਖ਼ਾਨ ਨੇ ਮਜ਼ਾ ਲੈਣ ਲਈ ਕੁੱਝ ਹਜ਼ਾਰ ਲੋਕਾਂ ਦੀ ਜਾਨ ਲਈ ਸੀ ਅਤੇ ਅੱਜ ਅਸੀਂ ਉਸਦੇ ਨਾਂ ਤੱਕ ਨੂੰ ਨਫ਼ਰਤ ਕਰਦੇ ਹਾਂ। ਤਾਂ ਫੇਰ ਤੁਸੀਂ ਆਪਣੇ ਸਰਵ ਸ਼ਕਤੀਮਾਨ ਅਨੰਤ ਨੀਰੋ ਨੂੰ ਕਿਵੇਂ ਵਾਜਬ ਠਹਿਰਾਓਗੇ; ਜੋ ਅਜੇ ਵੀ ਹਰ ਦਿਨ, ਹਰ ਘੜੀ ਤੇ ਹਰ ਪਲ ਅਣਗਿਣਤ ਕਤਲ ਕਰੀ ਜਾ ਰਿਹਾ ਹੈ ? ਤੁਸੀਂ ਉਸ ਦੀਆਂ ਉਹਨਾਂ ਕਰਤੂਤਾਂ ਦੀ ਹਮਾਇਤ, ਕਿਵੇਂ ਕਰੋਗੇ, ਜਿਹੜੀਆਂ ਪਲੋ-ਪਲੀ ਚੰਗੇਜ਼ ਦੀਆਂ ਕਰਤੂਤਾਂ ਨੂੰ ਵੀ ਮਾਤ ਪਾਈ ਜਾਂਦੀਆਂ ਹਨ ? ਮੈਂ ਪੁੱਛਦਾ ਹਾਂ ਕਿ ਇਹ ਦੁਨੀਆਂ ਬਣਾਈ ਹੀ ਕਿਉਂ ਸੀ-ਦੁਨੀਆਂ ਜਿਹੜੀ ਸੱਚਮੁੱਚੀ ਦਾ ਨਰਕ ਹੈ, ਅਨੰਤ ਤੇ ਤਲਖ਼ ਬੇਚੈਨੀ ਦਾ ਘਰ ਹੈ ? ਸਰਬ ਸ਼ਕਤੀਮਾਨ ਨੇ ਮਨੁੱਖ ਕਿਉਂ ਸਾਜਿਆ, ਜਦ ਕਿ ਉਸ ਦੇ ਕੋਲ ਮਨੁੱਖ ਨੂੰ ਸਾਜਣ ਦੀ ਤਾਕਤ ਸੀ ? ਇਨ੍ਹਾਂ ਸਾਰੀਆਂ ਗੱਲਾਂ ਦਾ ਤੁਹਾਡੇ ਕੋਲ ਕੀ ਜਵਾਬ ਹੈ ? ਤੁਸੀਂ ਇਹ ਆਖੋਗੇ ਕਿ ਅਗਲੇ ਜਨਮ ਵਿੱਚ ਮਾਸੂਮ ਪੀੜਤਾਂ ਨੂੰ ਨਿਵਾਜਣ ਲਈ ਅਤੇ ਕੁਕਰਮੀਆਂ ਨੂੰ ਸਜ਼ਾ ਦੇਣ ਲਈ ਉਸਨੇ ਇੰਜ ਕੀਤਾ ? ਅੱਛਾ ਤਾਂ ਫੇਰ, ਤੁਸੀਂ ਉਸ ਬੰਦੇ ਨੂੰ ਕਿਵੇਂ ਹੱਕੀ ਠਹਿਰਾਉਗੇ, ਜੋ ਤੁਹਾਡੇ ਸਰੀਰ ਨੂੰ ਇਸ ਵਾਸਤੇ ਜ਼ਖ਼ਮੀ ਕਰਦਾ ਹੈ ਕਿ ਮਗਰੋਂ ਬੜੇ ਪਿਆਰ ਨਾਲ ਟਕੋਰਾਂ ਕਰੇਗਾ ? ਗਲੈਡੀਏਟਰ ਸੰਸਥਾ ਦੇ ਹਮਾਇਤੀਆਂ ਤੇ ਪ੍ਰਬੰਧਕਾਂ ਦਾ ਇਹ ਕਾਰਾ ਕਿੱਥੋਂ ਤਾਈਂ ਸਹੀ ਹੁੰਦਾ ਸੀ, ਦੂਜੇ ਉਹ ਭੁੱਖੇ ਕਰੋਪੀ ਸ਼ੇਰਾਂ ਅੱਗੇ ਬੰਦਿਆਂ ਨੂੰ ਇਸ ਲਈ ਸੁੱਟ ਦਿੰਦੇ ਸੀ ਕਿ, ਜੇ ਉਹ ਸ਼ੇਰਾਂ ਦੇ ਹੱਥੋਂ ਬਚ ਗਏ ਤਾਂ ਉਹਨਾਂ ਦੀ ਬਹੁਤ ਖ਼ਾਤਰ-ਤਵੱਜੋ ਹੋਏਗੀ ? ਇਸੇ ਕਰਕੇ ਮੈਂ ਪੁੱਛਦਾ ਹਾਂ: “ਸੁਚੇਤ ਸਰਵ ਉੱਚ ਸੱਤ੍ਹਾ ਨੇ ਇਹ ਦੁਨੀਆਂ ਤੇ ਮਨੁੱਖ ਕਿਉਂ ਸਾਜਿਆ ? ਮਜ਼ਾ ਲੈਣ ਲਈ। ਫੇਰ ਉਹਦੇ ਵਿੱਚ ਤੇ ਨੀਰੋ ਵਿੱਚ ਕੀ ਫ਼ਰਕ ਹੈ।
ਮੁਸਲਮਾਨੋ ਤੇ ਈਸਾਈਓ : ਹਿੰਦੂ ਦਰਸ਼ਨ ਕੋਲ ਤਾਂ ਹੋਰ ਵੀ ਦਲੀਲ ਹੋਏਗੀ