ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਲਰਾਮ ਤੇ ਸੈਮੂਅਲ ਦੇ ਮੈਕਬਥ ਸ਼ੇਕਸਪੀਅਰ ਦਾ ਪੰਜਾਬੀ ਵਿੱਚ ਪਹਿਲੀ ਵਾਰ ਮੰਚਨ

ਪੰਜਾਬੀ ਵਿੱਚ ਸ਼ੇਕਸਪੀਅਰ ਦਾ ਅਨੁਵਾਦ ਕਰਨ ਦੀ ਕੋਸ਼ਿਸ਼ ਤਾਂ ਭਾਵੇਂ ਕਈ ਲੋਕਾਂ ਵੱਲੋਂ ਕੀਤੀ ਗਈ ਹੈ ਪਰ ਉਸ ਦੇ ਕਿਸੇ ਨਾਟਕ ਦਾ ਪੰਜਾਬੀ ਵਿੱਚ ਸ਼ੋਅ ਪਹਿਲੀ ਵਾਰ ਪਿਛਲੇ ਦਿਨੀਂ ਲੁਧਿਆਣਾ ਵਿੱਚ ਕੀਤਾ ਗਿਆ। ਸ਼ੇਕਸਪੀਅਰ ਦੇ ਨਾਟਕ ਮੈਕਬਥ ਦਾ ਪੰਜਾਬੀ ਰੁਪਾਂਤਰਣ ਯੁਵਾ ਨਾਟਕਕਾਰ ਬਲਰਾਮ ਵੱਲੋਂ ਕੀਤਾ ਗਿਆ ਹੈ ਅਤੇ ਇਸ ਦਾ ਨਿਰਦੇਸ਼ਨ ਸੈਮੂਅਲ ਜੌਹਨ ਵੱਲੋਂ ਕੀਤਾ ਗਿਆ। ਇਸ ਦਾ ਪਹਿਲਾ ਸ਼ੋਅ ਮੀਡੀਆ ਆਰਟਿਸਟ ਵੱਲੋਂ ਪਿਛਲੇ ਦਿਨੀ ਲੁਧਿਆਣਾ ਦੇ ਗੁਰੂ ਨਾਨਕ ਭਵਨ ਵਿੱਚ ਕੀਤਾ ਗਿਆ। ਮੀਡੀਆ ਆਰਟਿਸਟ ਦੇ ਬੁਲਾਰੇ ਜਤਿੰਦਰਪ੍ਰੀਤ ਮੁਤਾਬਕ ਲੁਧਿਆਣਾ ਵਿੱਚ ਮੈਕਬਥ ਦਾ ਸ਼ੋਅ ਕਰਨ ਦਾ ਫੈਸਲਾ ਕਰਨਾ ਆਪਣੇ ਆਪ ਵਿੱਚ ਇੱਕ ਚੁਣੌਤੀ ਸੀ। ਇਸ ਸ਼ੋਅ ਮੌਕੇ ਨਾਮਵਰ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਵੀ ਮੌਜੂਦ ਸਨ ਅਤੇ ਉਨ੍ਹਾਂ ਵੱਲੋਂ ਇਸ ਨਾਟਕ ਬਾਰੇ ਆਪਣੇ ਇਹ ਪ੍ਰਭਾਵ ਪਰਵਾਸੀ ਲਈ ਵਿਸ਼ੇਸ਼ ਤੌਰ ਤੇ ਲਿਖੇ ਗਏ ਹਨ: ਸ਼ਮੀਲ

ਪਹਿਲਾਂ ਤੇ ਸ਼ੇਕਸਪੀਅਰ ਦੀ ਮਹਾਨਤਾ ਨੂੰ ਪ੍ਰਣਾਮ, ਜਿਸ ਬਾਰੇ ਪੂਰਨ ਸਿੰਘ ਨੇ ਆਪਣੀ ਪੁਸਤਕ "ਪੂਰਬੀ ਕਵਿਤਾ ਦੀ ਆਤਮਾ" ਵਿੱਚ ਲਿਖਿਆ ਸੀ: "ਸ਼ੇਕਸਪੀਅਰ ਮਾਇਆ ਜਿੰਨਾ ਮਹਾਨ ਸੀ, ਉਸ ਤੋਂ ਵੱਧ ਨਹੀਂ।" ਫਿਲਹਾਲ ਮੈਂ ਪੂਰਨ ਸਿੰਘ ਦੇ ਵਾਕ ਦੇ ਪਹਿਲੇ ਅੱਧ ਬਾਰੇ ਸੋਚ ਰਿਹਾ ਹਾਂ ਤੇ 22 ਜੁਲਾਈ, 2004 ਦੀ ਸ਼ਾਮ ਨੂੰ ਲੁਧਿਆਣੇ ਦੇ ਗੁਰੂ ਨਾਨਕ ਭਵਨ ਵਿੱਚ ਸ਼ੇਕਸਪੀਅਰ ਦੇ ਲਿਖੇ ਪ੍ਰਸਿੱਧ ਦੁਖਾਂਤ "ਮੈਕਬਬ" ਦੇ ਪੰਜਾਬੀ ਰੂਪਾਂਤਰਣ ਦਾ ਮੰਚਨ ਦੇਖਦਿਆਂ ਮੈਂ ਸ਼ੇਕਸਪੀਅਰ ਦੀ ਨਾਟਕੀਅਤਾ, ਕਾਵਿਕਤਾ ਤੇ 'ਮਾਇਆ' ਬਾਰੇ ਉਸ ਦੀ ਸੂਝ ਦੀ ਗਹਿਰਾਈ ਦੇਖ ਕੇ ਵਾਰ-ਵਾਰ ਅਚੰਭਿਤ ਹੋਇਆ।

ਬਲਰਾਮ ਦਾ ਸ਼ਾਨਦਾਰ ਰੂਪਾਂਤਰਣ ਤੇ ਸੈਮੂਅਲ ਦਾ ਪ੍ਰਭਾਵਸ਼ਾਲੀ ਨਿਰਦੇਸ਼ਨ ਵੀ ਮੇਰੇ ਲਈ ਘੱਟ ਅਚੰਭਾਜਨਕ ਨਹੀਂ ਸੀ।

ਬਲਰਾਮ ਤੋਂ ਪਹਿਲਾਂ ਸੰਤ ਸਿੰਘ ਸੇਖੋਂ ਅਤੇ ਸੁਰਜੀਤ ਹਾਂਸ ਹੋਰਾਂ ਨੇ "ਮੈਕਬਥ" ਦਾ ਪੰਜਾਬੀ ਅਨੁਵਾਦ ਕੀਤਾ। ਉਹ ਦੋਵੇਂ ਅਨੁਵਾਦ ਮੂਲ ਨਾਲ ਵਧੇਰੇ ਵਫਾ ਨਿਭਾਉਂਦੇ ਹੋਏ ਛੰਦ-ਚਾਲ ਅਤੇ ਸ਼ਬਦਾਵਲੀ ਪੱਖੋਂ ਸ਼ੇਕਸਪੀਅਰ ਦੇ ਵੱਧ ਨੇੜੇ ਹਨ, ਪਰ ਬਲਰਾਮ ਦਾ ਰੂਪਾਂਤਰਣ ਪੰਜਾਬੀ ਮਨ ਤੇ ਮੰਚ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ। ਇਸੇ ਸਦਕਾ ਲਹਿਰਾਗਾਗਾ ਪਿੰਡ ਦੇ ਲੋਕਾਂ ਨੇ ਵੀ ਇਸ ਦਾ ਹਰ ਲਫ਼ਜ਼ ਸਾਹ ਰੋਕ ਕੇ ਸੁਣਿਆ ਤੇ ਸਮਝਿਆ।