ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਲਰਾਮ ਦੀਆਂ ਤੁਕਾਂ ਦੀ ਬਣਤਰ ਤੇ ਛੰਦ-ਚਾਲ ਸ਼ੇਕਸਪੀਅਰ ਤੋਂ ਵੱਖਰੀ ਹੈ ਤੇ ਇਹ ਪੰਜਾਬੀ ਕਾਵਿ-ਪਰੰਪਰਾ ਦੇ ਕਰੀਬ ਹੈ। ਬਲਰਾਮ ਦੇ ਸੰਵਾਦ ਅਤੇ ਢੰਡ ਸਾਰੰਗੀ ਤੇ ਗਾਏ ਜਾਣਯੋਗ ਗੀਤ ਬਲਰਾਮ ਦੀ ਭਾਸ਼ਾ-ਸਮਰੱਥਾ ਤੇ ਛੰਦ-ਯੋਗਤਾ ਦੀ ਗਵਾਹੀ ਦੇਂਦੇ ਹਨ।

ਬਲਰਾਮ ਨੇ ਰੂਪਾਂਤਰਣ ਲਈ ਸ਼ੇਕਸਪੀਅਰ ਦਾ "ਮੈਕਸਬ" ਹੀ ਕਿਉਂ ਚੁਣਿਆ? ਸ਼ਾਇਦ ਸਾਡੇ ਵਕਤਾਂ ਲਈ ਸ਼ੇਕਸਪੀਅਰ ਦਾ ਏਹੀ ਨਾਟਕ ਸਭ ਤੋਂ ਢੁਕਵਾਂ ਹੈ। ਬਲਰਾਮ ਦੀ ਇਸ ਚੋਣ ਲਈ ਤੇ ਉਸਦੇ ਸ਼ਾਨਦਾਰ ਰੂਪਾਂਤਰਣ ਲਈ ਉਸ ਨੂੰ ਮੁਬਾਰਕ। ਸੈਮੂਅਲ ਦਾ ਨਿਰਦੇਸ਼ਨ ਉਸਦੀ ਪ੍ਰਤਿਭਾ ਤੇ ਊਰਜਾ ਦਾ ਗਵਾਹ ਹੈ। ਉਸਦਾ ਪੂਰਾ ਡੀਜ਼ਾਇਨ ਘੱਟ ਤੋਂ ਘੱਟ ਨਾਲੋਂ ਵੀ ਘੱਟ ਵੇਸ-ਭੂਸ਼ਾ ਤੇ ਸੈੱਟ ਦੇ ਸਹਾਰੇ ਬਿਨਾਂ ਹੀ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਸਿਰਜਿਆ ਗਿਆ। ਮੈਕਬਥ ਦਾ ਰੋਲ ਬਹੁਤ ਸ਼ਿੱਦਤ ਭਰਪੂਰ ਸੀ, ਲੇਡੀ ਮੈਕਬਥ ਦੀ ਅਦਾਕਾਰਾ ਵੀ ਪ੍ਰਭਾਵਸ਼ਾਲੀ ਸੀ। ਲੇਡੀ ਮੈਕਲਥ ਦਾ ਥਾਂ-ਥਾਂ ਖੰਜਰ ਲੁਕੋਣ ਦੀ ਕੋਸ਼ਿਸ਼ ਵਾਲਾ ਤੇ ਉਸ ਦੇ ਜਣੇਪੇ ਵਿੱਚ ਸੰਤਾਨ ਦੀ ਤੇ ਉਸਦੀ ਆਪਣੀ ਮੌਤ ਦਾ ਦ੍ਰਿਸ਼, ਅਜਿਹੇ ਦ੍ਰਿਸ਼ ਸਨ, ਜੋ ਆਪਣੀ ਕਲਾ ਤੇ ਪ੍ਰਭਾਵ ਸਦਕਾ ਦੇਰ ਤੱਕ ਚੇਤਿਆਂ ਵਿੱਚ ਵਸੇ ਰਹਿਣਗੇ। ਗੰਜੀਆਂ ਚੁੜੇਲਾਂ ਦਾ ਜਾਦੂ ਵੀ ਸਿਰ ਚੜ੍ਹ ਬੋਲਿਆ। ਨਾਟਕ ਦੀ ਗਤੀ, ਸਾਰੇ ਅਦਾਕਾਰਾਂ ਦੀ ਪ੍ਰਤਿਭਾ, ਢਾਡੀ ਰੰਗ ਵਿੱਚ ਗਾਇਕਾਂ ਦੇ ਗਾਇਨ, ਸੰਵਾਦਾਂ ਤੇ ਗੀਤਾਂ ਸਦਕਾ ਨਾਟਕ ਨੇ ਦਰਸ਼ਕਾਂ ਨੂੰ ਕੀਲੀ ਰੱਖਿਆ। ਸਿਰਫ਼ ਪਹਿਲੇ ਅੱਧੇ ਕੁ ਘੰਟੇ ਵਿੱਚ ਗਾਇਨ ਦੀ ਵਾਰਵਾਰਤਾ ਤੇ ਇਕਸੁਰਤਾ ਨੇ ਖੜੋਤ ਦਾ ਅਹਿਸਾਸ ਦਿੱਤਾ। ਤੇ ਇੱਕ ਅਦਾਕਾਰ ਜੋ ਗਾਇਕਾਂ ਵਿੱਚੋਂ ਉੱਠ ਕੇ ਬ੍ਰੈਖਤੀ ਅੰਦਾਜ਼ ਵਿੱਚ ਰੂਪ ਬਦਲਦਾ ਸੀ, ਉਹ ਇਸ ਨਾਟਕ ਤੋਂ ਉਖੜਿਆ ਹੋਇਆ ਸੁਰ ਪ੍ਰਤੀਤ ਹੁੰਦਾ ਸੀ। ਉਸ ਦੀ ਪ੍ਰਤਿਭਾ ਦਾ ਇਸ ਨਾਟਕ ਵਿੱਚ ਸਦਉਪਯੋਗ ਨਹੀਂ ਹੋਇਆ।

ਇਹ ਮੰਚਨ ਅਨੇਕ ਕਾਰਨਾਂ ਸਦਕਾ ਪੰਜਾਬੀ ਮੰਚ ਲਈ ਇੱਕ ਅਪੂਰਵ ਪ੍ਰਾਪਤੀ ਹੈ। ਪਹਿਲੀ ਗੱਲ ਤਾਂ ਇਹ ਕਿ ਇਹ ਸ਼ੇਕਸਪੀਅਰ ਦਾ ਪੰਜਾਬੀ ਵਿੱਚ ਪ੍ਰਥਮ ਮੰਚਨ ਹੈ। ਦੂਜਾ ਇਹ ਕਿ ਇਕ ਪਿੰਡ ਲਹਿਰਾਗਾਗਾ ਤੋਂ ਉੱਠੇ ਥੀਏਟਰ ਗਰੁੱਪ ਨੇ ਬਹੁਤ ਥੋੜ੍ਹੇ ਸਾਧਨਾਂ ਨਾਲ ਇਸ ਦਾ ਮੰਚਨ ਕੀਤਾ। ਤੀਸਰੇ ਇਹ ਕਿ ਇਸ ਦਾ ਮੰਚਨ ਬਹੁਤ ਪ੍ਰਭਾਵਸ਼ਾਲੀ ਸੀ।

ਸ਼ੇਕਸਪੀਅਰ ਨੂੰ ਦੁਨੀਆਂ ਵਿੱਚ ਅਨੇਕ ਥਾਂਈਂ ਖੇਡਿਆ ਜਾ ਰਿਹਾ ਹੈ। ਹਰ ਨਿਰਦੇਸ਼ਕ ਇਸ ਨੂੰ ਆਪਣੇ ਢੰਗ ਨਾਲ ਤੇ ਆਪਣੀ ਪ੍ਰਤਿਭਾ ਅਨੁਸਾਰ ਮੂਰਤੀਮਾਨ ਕਰਦਾ ਹੈ। ਬਲਰਾਮ ਤੇ ਸੈਮੂਅਲ ਨੇ ਇਸ ਨੂੰ ਆਪਣੀ ਰੱਬ ਦਾ ਰੰਗ ਦਿੱਤਾ ਹੈ। ਇਸ ਨਾਟਕ ਦੇ ਰੂਪਾਂਤਰਣ ਤੇ ਇਸ ਦੇ ਮੰਚਨ ਤੋਂ ਪੰਜਾਬੀ ਭਾਸ਼ਾ, ਪੰਜਾਬੀ ਸਿਰਜਕ, ਪੰਜਾਬੀ ਨਿਰਦੇਸ਼ਕ ਦੀ ਯੋਗਤਾ ਵਿੱਚ ਮੇਰਾ ਯਕੀਨ ਹੋਰ ਪੱਕਾ ਹੋਇਆ।

-ਸੁਰਜੀਤ ਪਾਤਰ