ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਕਬਥ

(ਮੰਚ ਉੱਤੇ ਤਿੰਨ ਚੁੜੇਲਾਂ ਠਹਾਕੇ ਮਾਰਦੀਆਂ ਨ੍ਰਿਤ ਕਰਦੀਆਂ ਹਨ। ਥੱਲੜੇ ਪਾਸੇ ਜੰਗ ਦੇ ਦ੍ਰਿਸ਼ ਹਨ, ਯੋਧੇ ਥੱਕੇ-ਹਾਰੇ ਰਹਿੰਦੇ ਹਨ ਪਰ ਝੰਡੇ ਨਹੀਂ ਛੱਡਦੇ। ਚੁੜੇਲਾਂ ਇਕੱਲੀਆਂ ਘੁੰਮਦੀਆਂ ਹਨ!)

ਚੜੇਲ ੧  : ਭੈਣੋਂ ਨੀ ਮੈਨੂੰ ਦੱਸਦੀਆਂ ਜਾਓ ਕਦੋਂ ਮਿਲਾਂਗੀਆਂ ਫੇਰ,
          ਵਿੱਚ ਤੂਫਾਨੀ ਬਿਜਲੀ ਕੜਕੇ ਜਾਂ ਮੋਹਲੇਧਾਰ ਵੇਹ

ਚੁੜੇਲ ੨  : ਮੁੱਕ ਜਾ ਸੀ ਸਭ ਹੱਲਾ-ਗੁੱਲਾ,
          ਠੰਢਾ ਪੈ ਸੀ ਜੰਗ ਦਾ ਚੁੱਲਾ

ਚੁੜੇਲ ੩  : ਇੱਕ ਜਣਾ ਜਦ ਗਾਜੀ ਹੋ ਸੀ,
          ਦੂਜਾ ਖਾਕ ਦਾ ਢੇਰ.....!
          (ਹੱਸਦੀਆਂ ਹਨ)
ਚੁੜੇਲ ੨  : ਆਥਣ ਤੋਂ ਮੁੜ ਪਹਿਲਾਂ ਪਹਿਲਾਂ,
          ਅਸੀਂ ਜੁੜਾਂਗੀਆ ਫੇਰ!
          (ਹੱਸਦੀਆਂ ਹੋਈਆਂ ਜਾਂਦੀਆਂ ਹਨ)
ਚੁੜੇਲ ੧  : (ਪਿੱਛੋਂ 'ਵਾਜ਼ ਮਾਰਦੀ ਹੈ) ਪਤਾ ਠਿਕਾਣਾ ਤਾਂ ਦੱਸਦੀਆਂ ਜਾਓ ਸਿਰ
          ਮੁੰਨੀਓ....!
          (ਦੋਹੇਂ ਝਪਟ ਕੇ ਮੁੜਦੀਆਂ ਹਨ।)
ਚੁੜੇਲ ੩  : ਜੰਗ ਦਾ ਬਾੜਾ ਲੋਥਾਂ ਦੇ ਢੇਰ,
          ਠੰਡ ਦੇ ਝੱਖੜ ਝੱਲਣ ਜਿੱਥੇ......
ਚੁੜੇਲ ੨  : ...ਬੀਆਬਾਨ ਹਨ੍ਹੇਰ! (ਰਮਜ਼ ਭਰੀ ਅਦਾ ਨਾਲ਼)
          ਉੱਥੇ ਅਸੀਂ ਮੈਕਬਥ ਨੂੰ ਮਿਲਣਾ ..!
ਚੁੜੇਲ ੩  : ਤੂੰ ਵੀ ਆ ਜਾਈਂ..!
ਚੁੜੇਲ ੧  : ਕਾਲੀ ਬਿੱਲੀ ਮੈਨੂੰ 'ਵਾਜ਼ਾਂ ਮਾਰੇ,
          ਭੂਰੀਆਂ ਅੱਖਾਂ ਕਰਨ ਇਸ਼ਾਰੇ!
ਚੜੇਲ ੩  : ਡੱਡੂਆਂ ਦੀਆਂ ਇਹ ਮਸਤ ਸਦਾਵਾਂ,
ਚੁੜੇਲ ੨  : ਵਾਰੇ ਨੀ ਮੈਂ ਸਦਕੇ ਜਾਵਾਂ,
          ਨੱਸੀ ਨੀਂ ਮੈਂ ਦੌੜੀ ਆਵਾਂ!

9/ਮੈਕਬਥ