ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਚਿਟੇ ਲਾਈਲੈਕ ਦੀਆਂ ਦੋ ਟਹਿਣੀਆਂ ਤੋੜ ਕੇ ਜਿਹਨਾਂ ਨਾਲੋਂ ਫੁਲ ਅੱਗੋਂ ਹੀ ਢਹਿ ਰਹੇ ਸਨ, ਇਨ੍ਹਾਂ ਫੁਲਛਟੀਆਂ ਨਾਲ ਆਪਣੇ ਭਖਦੇ ਚਿਹਰੇ ਨੂੰ ਪੱਖਾ ਕਰਨ ਲੱਗ ਗਈ ; ਤੇ ਪਿੱਛੇ ਮੁੜਕੇ ਇਕ ਵੇਰੀ ਓਸ ਵਲ ਨਿਗਾਹ ਦਾ ਤੀਰ ਮਾਰਿਆ ਤੇ ਆਪਣੀਆਂ ਬਾਹਾਂ ਨੂੰ ਅੱਗੇ ਵਲ ਉਛਾਲਦੀ, ਦੌੜਦੀ, ਹੋਰ ਖੇਡਣ ਵਾਲਿਆਂ ਨਾਲ ਜਾ ਮਿਲੀ ।

ਇਸ ਦਿਨ ਥੀਂ ਬਾਹਦ, ਕਾਤੂਸ਼ਾ ਤੇ ਨਿਖਲੀਊਧਵ ਦੇ ਆਪਸ ਵਿੱਚ ਓਹ ਅਜੀਬ ਤੇ ਸਵਾਦਲੇ ਰਿਸ਼ਤੇ ਪੈ ਗਏ ਜਿਹੜੇ ਇਕ ਪਾਕ ਨੌਜਵਾਨ ਲੜਕੀ ਤੇ ਪਾਕ ਲੜਕੇ ਵਿੱਚ, ਜੋ ਦੋਵੇਂ ਇਕ ਦੂਜੇ ਨੂੰ ਪਿਆਰ ਕਰਨ ਲੱਗ ਜਾਂਦੇ ਹਨ, ਪੈਣੇ ਜਰੂਰੀ ਹੁੰਦੇ ਹਨ।

ਜਦ ਕਦੀ ਕਾਤੂਸ਼ਾ ਓਹਦੇ ਕਮਰੇ ਵਿੱਚ ਆਉਂਦੀ ਸੀ ਯਾ ਦੂਰੋਂ ਹੀ ਓਹਨੂੰ ਓਹਦੇ ਚਿੱਟੇ ਝਗੇ ਦਾ ਕਿਨਾਰਾ ਦਿਸ ਪੈਂਦਾ ਸੀ, ਨਿਖਲੀਊਧਵ ਦੇ ਅੰਦਰ ਇਕ ਚੰਨ ਜੇਹਾ ਚੜ ਪੈਂਦਾ ਸੀ । ਓਹਦੀਆਂ ਅੱਖਾਂ ਵਿੱਚ ਅਜੀਬ ਤੇ ਰਮਨੀਕ ਖੁਸ਼ੀ ਆਉਂਦੀ ਸੀ । ਜਿਸ ਤਰਾਂ ਸਵੇਰ ਵੇਲੇ ਸੂਰਜ ਦੀ ਚਮਕ ਨਾਲ ਹਰ ਇਕ ਚੀਜ਼ ਸੋਹਣੀ ਲਗਣ ਲਗ ਪੈਂਦੀ ਹੈ, ਦਿਲ ਨੂੰ ਖੁਸ਼ੀ ਕਰਦੀ ਹੈ, ਲੁਭਾਂਦੀ ਹੈ ਓਸੀ ਤਰਾਂ ਕਾਤੂਸ਼ਾ ਨੂੰ ਵੇਖ ਕੇ ਓਹਦਾ ਸਾਰਾ ਅੰਦਰ ਰੋਮ ਰੋਮ ਖੁਸ਼ੀ ਨਾਲ ਭਰ ਜਾਂਦਾ ਸੀ । ਓਧਰ ਕਾਤੂਸ਼ਾ ਦਾ ਭੀ ਇਹੋ ਹਾਲ ਹੁੰਦਾ ਸੀ ।੧੩੧