ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/264

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੨੩

ਆਖਰ ਪ੍ਰਧਾਨ ਨੇ ਆਪਣੀ ਤਕਰੀਰ ਖਤਮ ਕੀਤੀ, ਤੇ ਇਕ ਸੋਹਣੇ ਨਖਰੇ ਨਾਲ ਬਾਹਾਂ ਹਿਲਾ ਕੇ ਆਪਣੇ ਹਥ ਵਿੱਚ ਫੜੀ ਬਣੇ ਸਵਾਲਾਂ ਦੀ ਫਰਿਸਤ ਫੋਰਮੈਨ ਨੂੰ, ਜਿਹੜਾ ਉਨ੍ਹਾਂ ਨੂੰ ਲੈਣ ਆ ਗਇਆ ਸੀ, ਦੇ ਦਿੱਤੀ । ਜੂਰੀ ਦੇ ਲੋਕੀ ਆਪਣੇ ਬਹਸ ਕਰਨ ਵਾਲੇ ਕਮਰੇ ਵਿੱਚ ਜਾਣ ਦਾ ਅਵਸਰ ਪਾ ਕੇ ਖੁਸ਼ ਇਕ ਦੂਜੇ ਦੇ ਪਿੱਛੇ ਉਠੇ, ਇਉਂ ਜਿਵੇਂ ਉਹ ਕਿਸੀ ਗਲ ਪਰ ਕੁਛ ਛਿੱਤੇ ਪਏ ਹੋਏ ਸਨ, ਤੇ ਇਸ ਅਲਖਤ ਵਿੱਚ ਸਨ ਕਿ ਉਹ ਆਪਣੇ ਹੱਥਾਂ ਨਾਲ ਕੀ ਕੰਮ ਕਰਨ । ਜਦ ਉਹ ਆਪਣੇ ਕਮਰੇ ਅੰਦਰ ਗਏ, ਦਰਵਾਜ਼ਾ ਬੰਦ ਹੋਇਆ ਤੇ ਝਟਾ ਪਟ ਇਕ ਸਿਪਾਹੀ ਦਰਵਾਜ਼ੇ ਉੱਪਰ ਆਇਆ, ਮਿਆਨੋਂ ਉਸ ਤਲਵਾਰ ਕੱਢੀ, ਤੇ ਨੰਗੀ ਤਲਵਾਰ ਧਰੂਹੀ ਉਸ ਦਰਵਾਜ਼ੇ ਉੱਪਰ ਪੈਹਰੇ ਉੱਪਰ ਖੜਾ ਹੋ ਗਇਆ । ਜੱਜ ਉੱਠੇ ਤੇ ਬਾਹਰ ਗਏ । ਕੈਦੀ ਵੀ ਬਾਹਰ ਲਿਜਾਏ ਗਏ। ਜਦ ਜੂਰੀ ਆਪਣੇ ਕਮਰੇ ਵਿੱਚ ਪਹੁੰਚੀ ਤਾਂ ਪਹਿਲੀ ਗੱਲ ਜੋ ਉਨ੍ਹਾਂ ਕੀਤੀ ਉਹ ਏਹ ਸੀ ਕਿ ਆਪਣੇ ਜੇਬਾਂ ਵਿੱਚੋਂ ਡੱਬੀਆਂ ਕੱਢੀਆਂ ਤੇ ਲੱਗੇ ਸਿਗਰਟ ਪੀਣ । ਅਦਾਲਤ ਦੇ ਕਮਰੇ ਵਿੱਚ ਉਨ੍ਹਾਂ ਸਾਰਿਆਂ ਨੂੰ ਆਪਣੀ ਪਦਵੀ ਦੇ ਬਨਾਵਟੀ ਤੇ ਕੂੜੇ ਹੋਣ ਦੀ ਸੋਝੀ ਜੋ ਆ ਰਹੀ ਸੀ ਉਹ ਇਸ ਸੋਝੀ ਕਰਕੇ ਉੱਥੇ ਕੁਝ ਉਕਤਾ ਰਹੇ ਸਨ । ਇਸ ਕਮਰੇ ਵਿੱਚ ਬਹਿਕੇ ਸਿਗਰਟ ਪੀਣ ਨਾਲ ਹੀ ਉਡੰਤ ਹੋਈ ਤੇ ਇਕ ਆਰਾਮ ਦਾ ਉਨ੍ਹਾਂ ਸਾਹ ਲਇਆ ਤੇ ਬੜੇ ਹੀ ਜੋਸ਼ ਤੇ ਸਰਗਰਮੀ ਨਾਲ ਆਪਣੀਆਂ ਗੱਲਾਂ ਵਿੱਚ ਜੁਟ ਪਏ ।