ਸਮੱਗਰੀ 'ਤੇ ਜਾਓ

ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/36

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ



ਖਿਆਲ ਆਪੋ-ਆਪਣਾ

ਇੱਕ ਵਾਰ ਦੀ ਗੱਲ ਹੈ ਸੀ ਤਿੰਨ ਮੁਸਾਫਰ।
ਜੰਗਲ ਵਿੱਚ ਦੀ ਜਾ ਰਹੇ ਸੀ ਉਹ ਆਪਣੇ ਘਰ।
ਇੱਕ ਮੁੱਲਾਂ ਇੱਕ ਪਹਿਲਵਾਨ ਸੀ ਇੱਕ ਬਾਣੀਆ।
ਗੱਲਾਂ ਕਰਦੇ ਜਾਂਦੇ ਨਾਲੇ ਪਾਉਣ ਕਹਾਣੀਆਂ।
ਅਚਾਨਕ ਬੋਲਿਆ ਝਾੜੀ ਵਿੱਚੋਂ ਕਾਲਾ ਤਿੱਤਰ।
ਆਵਾਜ਼ ਮਨੁੱਖਾ ਦੰਗ ਰਹਿ ਗਏ ਤਿੰਨੋ ਮਿੱਤਰ।
ਪੁੱਛਣ ਲੱਗੇ ਇੱਕ ਦੂਜੇ ਨੂੰ ਅਰਥ ਇਸ ਦਾ।
ਦੱਸੋ ਕਿਹੜੀ ਗੱਲ ਹੈ ਇਹ ਤਿੱਤਰ ਕਹਿੰਦਾ।
'ਲੂਣ ਤੇਲ ਅਦਰਕ' ਹੈ ਲਾਲਾ ਗੱਲ ਤੋਲੇ।
"ਖਾ ਘਿਉ ਕਰ ਕਸਰਤ' ਸੀ ਭਲਵਾਨ ਜੀ ਬੋਲੇ।
ਮੁੱਲਾਂ ਜੀ ਨੇ ਆਪਣਾ ਸੀ ਦਿਮਾਗ ਲੜਾਇਆ।
"ਸੁਬ੍ਹਾਨ ਤੇਰੀ ਕੁਦਰਤ" ਸੀ ਮੁੱਖੋਂ ਫਰਮਾਇਆ।
ਹਰ ਕੋਈ ਹਰ ਗੱਲ ਨੂੰ ਆਪਣੀ ਨਜ਼ਰੋਂ ਦੇਖੇ।
ਮੰਦਿਰ ਮਸਜਿਦ ਗੁਰੂਘਰ ਚਾਹੇ ਮੱਥਾ ਟੇਕੇ।
ਵਾਕਿਆ ਹੀ ਸੁਬਾਹਨ ਦੀ ਕੁਦਰਤ ਹੈ ਵੀਰੋ।
ਜਿਸਦੇ ਅੱਗੇ ਸਾਰੀ ਦੁਨੀਆ 'ਚਰਨ' ਹੈ ਜ਼ੀਰੋ।

34/ ਮੋਘੇ ਵਿਚਲੀ ਚਿੜੀ