ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਜ਼ਲ

ਤਪਦੇ ਤਨ ਤੇ ਘੜਾ ਡੋਲ੍ਹ ਉਹ ਜਦ ਅੰਗੜਾਈ ਭਰਦੀ ਹੈ।
ਬੁੱਝੋ! ਕਿਸਨੂੰ ਉਸ ਵੇਲੇ ਫਿਰ ਬਿਰਹਣ ਚੇਤੇ ਕਰਦੀ ਹੈ।

ਸ਼ੀਸ਼ੇ ਸਨਮੁਖ ਖੜੀ ਖਲੋਤੀ, ਸੰਗਦੀ ਤੱਕਦੀ ਚਿਹਰੇ ਨੂੰ,
ਗੁੱਤ ਖੋਲ੍ਹ ਕੇ ਵਾਲਾਂ ਵਿਚ ਉਂਗਲਾਂ ਦੀ ਕੰਘੀ ਕਰਦੀ ਹੈ।

ਮੋਤੀਆ ਵਸਤਰ ਪਹਿਨ ਜਦੋਂ ਉਹ, ਜਲ ਤੇ ਲਹਿਰਾਂ ਵਾਂਗ ਤੁਰੇ,
ਲੰਮੀ ਧੌਣ ਉਠਾ ਕੇ ਜਾਪੇ, ਜਲ ਮੁਰਗਾਈ ਤਰਦੀ ਹੈ।

ਸੁਪਨਾ ਹੈ ਜਾਂ ਤਲਖ਼ ਹਕੀਕਤ, ਮਾਰੂਥਲ ਦੀ ਭਰਮ ਜਲੀ,
ਪਾਣੀ ਲੱਭਦੀ ਜਿਵੇਂ ਮਿਰਗਣੀ, ਨਾ ਜੀਂਦੀ ਨਾ ਮਰਦੀ ਹੈ।

ਦਿਨ ਵੇਲੇ ਅੱਗ ਵਾਂਗਰ ਤਪਦੀ, ਠਰ ਜਾਂਦੀ ਹੈ ਰਾਤਾਂ ਨੂੰ,
ਆਪਣੀ ਜ਼ਾਤ ਵਿਖਾਲਣ ਖ਼ਾਤਰ ਮਿੱਟੀ ਕੀਹ ਕੀਹ ਕਰਦੀ ਹੈ।

ਸੁਰਖ਼ ਲਬਾਂ ਤੇ ਚੁੱਪ ਦਾ ਪਹਿਰਾ, ਚਿਹਰਾ ਬੀਆਬਾਨ ਜਿਹਾ,
ਅੱਖਾਂ ਅੰਦਰ ਤਲਖ਼ ਸਮੁੰਦਰ, ਜ਼ਿੰਦਗੀ ਹਾਉਕੇ ਭਰਦੀ ਹੈ।

ਜ਼ੁਲਮ ਕਹੇ ਉਂਝ ‘ਝਟਕੇ’ ਨੂੰ ਤੇ ਕਰੇ 'ਹਲਾਲ’ ਕਸਾਈ ਵਾਂਗ,
ਮੈਨੂੰ ਦੱਸੋ ਧਰਮਾਂ ਵਾਲਿਉ, ਇਹ ਕੈਸੀ ਹਮਦਰਦੀ ਹੈ।

ਤਪਦੇ ਥਲ ਵਿਚ ਪੈਰੀਂ ਛਾਲੇ, ਸਿਰ ਤੇ ਬਲਦਾ ਹੈ ਸੂਰਜ,
ਸਫ਼ਰ ਨਿਰੰਤਰ ਮੱਥੇ ਅੰਦਰ, ਹਰ ਪਲ ਅਗਨੀ ਵਰ੍ਹਦੀ ਹੈ।

ਮੋਰ ਪੰਖ /101