ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਜ਼ਲ

ਮੋਹ ਦੇ ਧਾਗੇ ਸਾਂਭਣ ਤੋਂ ਜਦ ਹਾਰ ਗਏ।
ਡੁੱਬਦੇ ਤਰਦੇ ਪੁੱਤ ਸਮੁੰਦਰ ਪਾਰ ਗਏ।

ਕੱਖ ਕਾਣ ਦੀ ਰਾਖੀ ਮਾਪੇ ਬੈਠੇ ਨੇ,
ਆਲ੍ਹਣਿਆਂ ’ਚੋਂ ਬੋਟ ਉਡਾਰੀ ਮਾਰ ਗਏ।

ਜਿੰਨ੍ਹਾਂ ਨੂੰ ਸੀ ਚੋਗ ਚੁਗਾਏ ਤਲੀਆਂ ਤੇ,
ਕਹਿਰ ਖ਼ੁਦਾ ਦਾ, ਓਹੀ ਸਾਨੂੰ ਚਾਰ ਗਏ।

ਤਨ ਮਨ ਦਾ ਤੰਦੂਰ ਭਖਾ ਕੇ ਬੈਠੇ ਸਾਂ,
ਤੇਰੇ ਬੋਲ ਪਿਆਰੇ ਰੂਹ ਨੂੰ ਠਾਰ ਗਏ।

ਮੂੰਹ ਵਿਚ ਛੁਰੀਆਂ ਰਾਮ ਬਗਲ ਵਿਚ ਰੱਖਦੇ ਨੇ,
ਅੰਬੀਆਂ ਟੁੱਕਦੇ ਤੋਤੇ ਬਣ ਹੁਸ਼ਿਆਰ ਗਏ।

ਕਰੀਂ ਉਡੀਕ ਕਦੇ ਨਾ ਬਹਿ ਕੇ ਪੱਤਣਾਂ ਤੇ,
ਜਾਵਣ ਵਾਲੇ ਰੂਹ ਤੋਂ ਭਾਰ ਉਤਾਰ ਗਏ।

ਕੰਧਾਂ ਚਾਰ ਦੀਵਾਰੀ ਅੰਦਰ ਸਹਿਕਦੀਆਂ,
ਘਰ ਦੇ ਮਾਲਕ ਕੁੰਡੇ ਜੰਦਰੇ ਮਾਰ ਗਏ।

ਬਾਰ ਪਰਾਏ ਬੈਠੇ ਨੇ, ਪਰ ਮੰਨਦੇ ਨਹੀਂ,
ਕਰਨ ਕਮਾਈਆਂ ਜਿੰਨੇ ਸਾਡੇ ਯਾਰ ਗਏ।

ਮੋਰ ਪੰਖ /100