ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਜ਼ਲ

ਵਹਿ ਗਿਆ ਪਾਣੀ ਪੁਲਾਂ ਦੇ ਹੇਠ ਮੁੜ ਆਉਂਦਾ ਨਹੀਂ।
ਦਿਵਸ ਗੁਜ਼ਰਨ ਬਾਅਦ, ਫੇਰਾ ਫਿਰ ਕਦੇ ਪਾਉਂਦਾ ਨਹੀਂ।

ਤਪ ਰਹੀ ਤੰਦੂਰ ਵਾਂਗੂੰ ਧਰਤ ਮੰਗਦੀ ਮੇਘਲਾ,
ਮੇਰੇ ਮਨ ਦਾ ਇਹ ਪਪੀਹਾ, ਔੜ ਬਿਨ ਗਾਉਂਦਾ ਨਹੀਂ।

ਠਾਰ ਦੇਵੇ ਬਿਰਖ ਬੂਟੇ, ਜਿਸ ਤਰ੍ਹਾਂ ਗੂੜ੍ਹਾ ਸਿਆਲ,
ਤੇਰਾ ਇਹ ਕੋਰਾ ਸਲੀਕਾ, ਰੂਹ ਨੂੰ ਭਾਉਂਦਾ ਨਹੀਂ।

ਇਹ ਹਮੇਸ਼ਾਂ ਧਰਤ ਲੋੜੇ ਸੁਪਨਿਆਂ ਦੇ ਹਾਣ ਦੀ,
ਰੂਹ ਦਾ ਚੰਬਾ ਏਸ ਲਈ ਮੈਂ ਹਰ ਜਗ੍ਹਾ ਲਾਉਂਦਾ ਨਹੀਂ।

ਲੱਗਦੇ ਆਸਾਰ ਓਦੋਂ, ਹੁਣ ਤਾਂ ਪਰਲੋਅ ਆਏਗੀ,
ਤੂੰ ਜਦੋਂ ਸੁਪਨੇ ਦੇ ਵਿਚ ਵੀ, ਮੇਰੇ ਘਰ ਆਉਂਦਾ ਨਹੀਂ।

ਡਰ ਦੇ ਮਾਰੇ, ਕਿਰਚ-ਕੰਡੇ ਗੱਡੇ ਨਾ ਦੀਵਾਰ ਤੇ,
ਇਸ ਤਰ੍ਹਾਂ ਦੇ ਵਿਹੜਿਆਂ ਵਿਚ, ਪੈਰ ਚਾਅ ਪਾਉਂਦਾ ਨਹੀਂ।

ਤੂੰ ਮੇਰੇ ਸਾਹਾਂ ਦੇ ਨੇੜੇ, ਹੋਰ ਨੇੜੇ ਹੋਰ ਹੋ,
ਬਿਨ ਤੇਰੇ ਮੈਂ ਠਰ ਗਿਆ ਹਾਂ, ਕੋਈ ਗਰਮਾਉਂਦਾ ਨਹੀਂ।

ਮੋਰ ਪੰਖ /99