ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਗ਼ਜ਼ਲ

ਸਿਖਰ ਪਹਾੜੀ ਉਤਲੀ ਸੁੱਚੀ ਕੰਦਰ ਹਾਂ।
ਬਿਨਾ ਮੂਰਤੀ ਪਾਕ ਪਵਿੱਤਰ ਮੰਦਰ ਹਾਂ।

ਮੈਨੂੰ ਬਾਹਰੋਂ ਲੱਭਦਾ ਹੈਂ ਕਿਉਂ ਰਾਤ ਦਿਨੇ,
ਵੇਖ ਜ਼ਰਾ ਤੂੰ, ਮੈਂ ਤਾਂ ਤੇਰੇ ਅੰਦਰ ਹਾਂ।

ਮੇਰੇ ਪੱਲੇ ਭਟਕਣ ਤੈਥੋਂ ਬਹੁਤੀ ਹੈ,
ਲੋਕਾਂ ਲਈ ਮੈਂ ਭਾਵੇਂ ਸ਼ਾਂਤ ਸਮੁੰਦਰ ਹਾਂ।

ਸੁਣਦਾ ਨਾ ਮੈਂ ਚੀਕਾਂ, ਜ਼ਾਲਮ ਤੱਕਦਾ ਨਹੀਂ,
ਚੁੱਪ ਰਹਿੰਦਾ ਮੈਂ, ਗਾਂਧੀ ਜੀ ਦਾ ਬੰਦਰ ਹਾਂ।

ਅੱਥਰੇ ਸੁਪਨੇ ਅਪਣਾ ਨਾਚ ਨਚਾਉਂਦੇ ਨੇ,
ਲੋਕਾਂ ਲਈ ਮੈਂ ਭਾਵੇਂ ਮਸਤ ਕਲੰਦਰ ਹਾਂ।

ਹੱਕ ਸੱਚ ਇਨਸਾਫ਼ ਗੁਆ ਕੇ ਬੈਠਾ ਜੋ,
ਵਕਤ ਦਿਆਂ ਹੋਠਾਂ ਤੇ ਚੱਪ ਦਾ ਜੰਦਰ ਹਾਂ।

ਮੋਰ ਪੰਖ /103