ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਜ਼ਲ

ਨੇਰ੍ਹਿਆਂ ਵਿਚ ਸ਼ਹਿਰ ਡੁੱਬਾ, ਬੋਲਦਾ ਕੋਈ ਨਹੀਂ ਹੈ।
ਗੁੱਲ ਹੋਏ ਦੀਵਿਆਂ ਨੂੰ ਢੂੰਡਦਾ ਕੋਈ ਨਹੀਂ ਹੈ।

ਸ਼ਹਿਰ ਵਾਲੇ ਲੋਕ ਅੰਦਰ ਬਹਿ ਵਿਚਾਰਾਂ ਕਰ ਰਹੇ ਨੇ,
ਚੋਰ ਨੂੰ ਵੀ ਚੋਰ ਏਥੇ ਆਖਦਾ ਕੋਈ ਨਹੀਂ ਹੈ।

ਭਰਮ ਦੀ ਦੀਵਾਰ ਦੇ ਅੰਦਰਲੇ ਕੈਦੀ ਕਿਉਂ ਬਣੇ ਨੇ,
ਡਰ ਰਹੇ ਇਕ ਦੂਸਰੇ ਤੋਂ, ਬੋਲਦਾ ਕੋਈ ਨਹੀਂ ਹੈ।

ਅਪਣੇ ਮਨ ਦਾ ਡਰ ਹੀ ਸਭ ਦਾ, ਰੋਜ਼ ਪਿੱਛਾ ਕਰ ਰਿਹਾ ਹੈ,
ਬਾਹਰਲੇ ਦੁਸ਼ਮਣ ਨੂੰ ਏਥੇ ਗੌਲਦਾ ਕੋਈ ਨਹੀਂ ਹੈ।

ਸ਼ੋਰ ਅੰਦਰ ਸ਼ਬਦ ਨੂੰ ਗੁੰਮੇ, ਅਰਥ ਲੱਭਦੇ ਫਿਰ ਰਹੇ ਨੇ,
ਏਸ ਗੁੰਮਸ਼ੁੰਦਗੀ ਦੇ ਬਾਰੇ, ਗ਼ਮਜ਼ਦਾ ਕੋਈ ਨਹੀਂ ਹੈ।

ਜੇਤੁਆਂ ਦੀ ਭੀੜ ਅੱਗੇ ਬੈਂਡ ਵਾਜੇ ਵੱਜ ਰਹੇ ਨੇ,
ਹਾਰਿਆਂ ਦੇ ਕੋਲ ਏ ਥੇ, ਠਹਿਰਦਾ ਕੋਈ ਨਹੀਂ ਹੈ।

ਮੋਰ ਪੰਖ /104