ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਜ਼ਲ

ਜਮਾਤਾਂ ਨੂੰ ਜਦੋਂ ਵੀ ਜ਼ਾਤ ਲਈ ਕੁਰਬਾਨ ਕਰਦੀ ਹੈ।
ਸਿਆਸਤ ਇਸ ਤਰ੍ਹਾਂ ਹੀ ਮੁਲਕ ਨੂੰ ਵੀਰਾਨ ਕਰਦੀ ਹੈ।

ਇਹ ਹੰਝੂ ਹਾਰ ਬਣ ਜਾਂਦੇ ਨੇ ਮਾਤਾ ਧਰਤ ਦੇ ਗਲਮੇ,
ਜਦੋਂ ਚੜ੍ਹਦੀ ਜਵਾਨੀ ਸੀਸ ਨੂੰ ਕੁਰਬਾਨ ਕਰਦੀ ਹੈ।

ਇਹ ਕੁਰਸੀ ਆਦਮੀ ਨੂੰ ਤਰਸ-ਪਾਤਰ ਜਦ ਬਣਾ ਦੇਵੇ,
ਤਾਂ ਸਮਝੋ ਆਦਮੀਅਤ ਦਾ ਧੁਰੋਂ ਅਪਮਾਨ ਕਰਦੀ ਹੈ।

ਕਦੋਂ ਸਰਕਾਰ ਰਹਿਮਤ ਬਖ਼ਸ਼ਦੀ, ਬਿਨ ਮੁੱਲ ਤਾਰੇ ਤੋਂ,
ਲਵੇ ਕਿਰਦਾਰ ਦੀ ਭੇਟਾ, ਜਦੋਂ ਸਨਮਾਨ ਕਰਦੀ ਹੈ।

ਜਿੰਨ੍ਹਾਂ ਦੀ ਅੱਖ ਵਿਚ ਹੰਝੂ ਵੀ ਅਸਲੀ ਠਹਿਰ ਨਹੀਂ ਸਕਦੇ,
ਹਕੂਮਤ ਕਿੰਜ ਸੁੱਚੇ ਮੋਤੀਆਂ ਦਾ ਦਾਨ ਕਰਦੀ ਹੈ।

ਜਦੋਂ ਵੀ ਜਬਰ ਹੱਦਾਂ ਪਾਰ ਕਰਕੇ ਸਿਖਰ ਤੇ ਪਹੁੰਚੇ,
ਜਵਾਨੀ ਹਰ ਚੁਣੌਤੀ ਨੂੰ ਉਦੋਂ ਪਰਵਾਨ ਕਰਦੀ ਹੈ।

ਸਦਾ ਸੁੱਖ ਤੇ ਸਹੂਲਤ ਆਦਮੀ ਨੂੰ ਮਾਰ ਦੇਂਦੇ ਨੇ,
ਮੁਸੀਬਤ ਆਦਮੀ ਨੂੰ ਹੋਰ ਵੀ ਬਲਵਾਨ ਕਰਦੀ ਹੈ।

ਮੋਰ ਪੰਖ /105