ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਜ਼ਲ

ਉਹਦੀ ਛੋਹ ਜਿਉਂ ਛੋਹ ਬਿਜਲੀ ਦੀ ਤਾਰ ਗਈ ਏ।
ਤੜਪ ਰਿਹਾ ਦਿਲ ਕਰ ਉਹ ਠੰਢਾ ਠਾਰ ਗਈ ਏ।

ਹਾਲੇ ਤੱਕ ਵੀ ਕੰਬੀ ਜਾਵੇ ਰੁੱਖ ਦੀ ਟਾਹਣੀ,
ਉੱਡ ਕੇ ਜਿਸ ਤੋਂ ਕੂੰਜਾਂ ਵਾਲੀ ਡਾਰ ਗਈ ਏ।

ਮੇਰੇ ਸਿਰ ਤੇ ਭਾਰ ਵਧਾ ਗਈ ਪਹਿਲਾਂ ਨਾਲੋਂ,
ਉਹ ਤਾਂ ਅਪਣੀ ਰੂਹ ਤੋਂ ਭਾਰ ਉਤਾਰ ਗਈ ਏ।

ਜੇ ਮਿਲਣਾ ਪ੍ਰਵਾਨ ਨਹੀਂ ਸੀ, ਕਿਹੜੀ ਗੱਲ ਸੀ,
ਆਸਾਂ ਨੂੰ ਕਿਉਂ ਕੁੰਡੇ ਜੰਦਰੇ ਮਾਰ ਗਈ ਏ।

ਗੱਲਾਂ ਕਰਦੇ, ਤੁਰਦੇ, ਚੰਨ ਤੇ ਪਹੁੰਚ ਗਏ ਸਾਂ,
ਕੱਲਿਆਂ ਮੁੜਦੇ ਮੇਰੀ ਹਿੰਮਤ ਹਾਰ ਗਈ ਏ।

ਸਾਹਾਂ ਦੀ ਡੋਰੀ 'ਚੋਂ ਮਣਕੇ ਕਿਰ ਚੱਲੇ ਨੇ,
ਮੇਰੀ ਸੁਰਤੀ ਸੱਤ ਸਮੁੰਦਰ ਪਾਰ ਗਈ ਏ।

ਉੱਡਦੀ ਧੂੜ ਸੁਨੇਹਾ ਮੈਨੂੰ ਦੇ ਦਿੱਤਾ ਸੀ,
ਜਿੱਧਰ ਉਸਦੀ ਘੁੱਗੀ ਰੰਗੀ ਕਾਰ ਗਈ ਏ।

ਓਪਰਿਆਂ ਦੇ ਵਾਂਗ ਘੁਮਾ ਕੇ ਗਰਦਨ ਤੁਰ ਗਈ,
ਦਿਲ ਵਿਚ ਰਹਿੰਦੀ ਰਹਿੰਦੀ ਕਹਿਰ ਗੁਜ਼ਾਰ ਗਈ ਏ।

ਮੋਰ ਪੰਖ /106