ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਜ਼ਲ

ਕੱਚ ਕੀ ਕਰਾਂ ਪੈਰਾਂ ਦੇ ਵਿਚ ਵੱਜਦੇ ਰਹੇ।
ਤਾਂਹੀਓ ਆਪਾਂ ਵਾਹੋਦਾਹੀ ਭੱਜਦੇ ਰਹੇ।

ਉਤਲੀ ਚਾਦਰ ਸਾਡੇ ਕੱਦ ਤੋਂ ਛੋਟੀ ਸੀ,
ਪੈਰ ਕਦੇ ਸਿਰ, ਵਾਰੋ ਵਾਰੀ ਕੱਜਦੇ ਰਹੇ।

ਫ਼ਸਲ, ਕਿਆਰੇ ਸੁੱਕੇ ਤਰਸਣ ਪਾਣੀ ਨੂੰ,
ਫੋਕੇ ਬੱਦਲ ਐਵੇਂ ਸਿਰ ਤੇ ਗੱਜਦੇ ਰਹੇ।

ਭੁੱਖਣ ਭਾਣੇ ਲੋਕ ਗੁਆਚੇ ਰਾਹਾਂ ਵਿਚ,
ਰੱਜੇ ਪੁੱਜੇ ਵਿਹਲੇ ਬਹਿ ਕੇ ਰੱਜਦੇ ਰਹੇ।

ਮਰਦੇ ਦਮ ਦੀ ਚੀਖ਼ ਸੁਣੀ ਨਾ ਗਲੀਆਂ ਨੇ,
ਪਿੰਡ ਵਿਚ ਸਾਰੀ ਰਾਤ ਸਪੀਕਰ ਵੱਜਦੇ ਰਹੇ।

ਅੱਲਾ ਵਾਲੀ ਜ਼ਾਤ ਨਾ ਵੇਖਣ ਖ਼ਲਕਤ 'ਚੋਂ,
ਤਲਬਗਾਰ ਜੋ ਸਾਰੀ ਉਮਰਾ ‘ਹੱਜ’ ਦੇ ਰਹੇ।

ਕੱਲ ਪਰਸੋਂ ਕੀਹ ਹੋਇਆ ਜਾਂ ਕੀਹ ਹੋਵੇਗਾ,
ਦੇਣਦਾਰ ਤਾਂ ਅਸੀਂ ਹਮੇਸ਼ਾਂ ‘ਅੱਜ' ਦੇ ਰਹੇ।

ਨੀਹਾਂ ਵਿਚੋਂ ਪਾਕ ਸ਼ਹਾਦਤ ਪੁੱਛਦੀ ਏ,
ਤਾਜ ਕਿਉਂ ਨੇ ਟੋਡੀਆਂ ਦੇ ਸਿਰ ਸੱਜਦੇ ਰਹੇ।

ਮੋਰ ਪੰਖ /107