ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਜ਼ਲ

ਕਿਸ ਤੇ ਰੋਸ ਕਰੇਂਗੀ ਜਿੰਦੇ, ਤੀਰਾਂ ਜਾਂ ਤਲਵਾਰਾਂ ਤੇ।
ਟੁੱਟ ਗਿਆ ਹੈ ਮਾਣ ਵੀ ਆਖ਼ਰ, ਜਿਹੜਾ ਸੀ ਦਿਲਦਾਰਾਂ ਤੇ।

ਆਮ ਸਾਧਾਰਨ ਬੰਦੇ ਨਾਲੋਂ ਟੁੱਟ ਕੇ 'ਕੱਲ੍ਹਾ ਰਹਿ ਜਾਏਂਗਾ,
ਬਹੁਤਾ ਹੀ ਤੂੰ ਨਿਰਭਰ ਰਹਿਨੈਂ ਟੀ. ਵੀ. ਜਾਂ ਅਖ਼ਬਾਰਾਂ ਤੇਂ।

ਭੁੱਖਣ ਭਾਣੇ ਕਾਫ਼ਲਿਆਂ ਤੋਂ ਕਿੱਦਾਂ ਜਾਨ ਬਚਾਵੇਂਗਾ,
ਤੇਰੇ ਮਹਿਲੀਂ ਪਹੁੰਚ ਗਏ ਜੇ, ਤੁਰਦੇ ਤੁਰਦੇ ਤਾਰਾਂ ਤੇ।

ਅੱਖ ਬਚਾ ਕੇ ਲੰਘ ਜਾਂਦਾ ਏਂ, ਚੋਰੀ ਏਸ ਚੁਰਸਤੇ ’ਚੋਂ,
ਪੜ੍ਹਦਾ ਕਿਉਂ ਨਹੀਂ ਕੋਲ ਖਲੋ ਕੇ, ਲਿਖਿਐ ਜੋ ਦੀਵਾਰਾਂ ਤੇ।

ਅੱਥਰੂ-ਅੱਥਰੂ ਖੇਤੀ ਹੁਣ ਤਾਂ, ਬੰਦ ਮਸ਼ੀਨਾਂ ਸਹਿਕਦੀਆਂ,
ਦੇਸ਼ ਮੇਰੇ ਦੀ ਧੜਕਣ ਅੱਜ ਕੱਲ੍ਹ ਨਿਰਭਰ ਹੈ ਬਾਜ਼ਾਰਾਂ ਤੇ।

ਸੁਰਖ਼ ਉਨਾਭੀ ਨੇਤਰ ਤੇਰੇ, ਬਣ ਗਏ ਨੀਮ ਗੁਲਾਬੀ ਨੇ,
ਉਂਗਲੀ ਉੱਠਦੀ ਨਾ ਹੁਣ ਤੇਰੀ, ਹੁੰਦੇ ਅੱਤਿਆਚਾਰਾਂ ਤੇ।

ਤੂੰ ਵੀ ਤਾਂ ਮਸ਼ਗੂਲੇ ਕੀਤੇ, ਹੱਥ ਬੰਨ੍ਹ ਅਰਜ਼ ਗੁਜ਼ਾਰਦਿਆਂ,
ਰਾਤੋ ਰਾਤ ਨਹੀਂ ਇਹ ਪਹੁੰਚੇ, ਤਰਲਿਆਂ ਤੋਂ ਹਥਿਆਰਾਂ ਤੇ।

ਮੋਰ ਪੰਖ /108