ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਗ਼ਜ਼ਲ

ਸੁਪਨੇ ਦੇ ਵਿਚ ਆ ਕੇ ਤੂੰ ਤੜਫਾਇਆ ਨਾ ਕਰ।
ਜੇ ਆਵੇਂ ਤਾਂ ਏਨੀ ਜਲਦੀ ਜਾਇਆ ਨਾ ਕਰ।

ਸੁਰ-ਸ਼ਹਿਜ਼ਾਦੀ ਤੈਨੂੰ ਆਖੇ ਸਾਰੀ ਦੁਨੀਆਂ,
ਬੇ-ਸੁਰਿਆਂ ਦੇ ਨਾਲ ਆਵਾਜ਼ ਮਿਲਾਇਆ ਨਾ ਕਰ।

ਰੋਸੇ ਸ਼ਿਕਵੇ ਰੱਖ ਦਿਆ ਕਰ ਇੱਕ ਪਾਸੇ ਤੂੰ,
ਬਿਨਾ ਬੁਲਾਏ ਕੋਲੋਂ ਦੀ ਲੰਘ ਜਾਇਆ ਨਾ ਕਰ।

ਤੇਰੇ ਨਾਲ ਬਰਾਬਰ ਹਰ ਥਾਂ ਹਾਜ਼ਰ ਹਾਂ ਮੈਂ,
ਕੱਲੀ ਬੈਠੀ ਗਰਦਨ ਨੀਵੀਂ ਪਾਇਆ ਨਾ ਕਰ |

ਸਾਜ਼ਾਂ ਨੂੰ ਸੁਰ ਕਰਕੇ ਵਿੱਚੇ ਛੱਡ ਜਾਂਦੀ ਏ,
ਪਲ ਕਰਤਾਰੀ ਦੋਚਿੱਤੀ ਵਿਚ ਜ਼ਾਇਆ ਨਾ ਕਰ।

ਪਹਿਲਾਂ ਹੀ ਨੇ ਨੈਣ ਕਟਾਰਾਂ ਨਾਲੋਂ ਤਿੱਖੇ,
ਸੁਰਮ ਸਲਾਈ ਮਿਰਗਣੀਏਂ ਤੂੰ ਪਾਇਆ ਨਾ ਕਰ।

ਚੁੱਪ ਦੇ ਖੂਹ ਵਿਚ ਉੱਤਰ ਕੇ ਤੂੰ ਮੁੜਦੀ ਹੀ ਨਹੀਂ,
ਕਹਿਰ ਗਰੀਬਾਂ ਉੱਤੇ ਇਹ ਤੂੰ ਢਾਇਆ ਨਾ ਕਰ।

ਮੋਰ ਪੰਖ /115