ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਗ਼ਜ਼ਲ

ਬੱਦਲਾਂ ਵਾਂਗੂੰ ਉੱਡਿਆ ਫਿਰਦੈਂ, ਅੱਖਾਂ ਵਿਚ ਸਮੁੰਦਰ ਲੈ ਕੇ।
ਧਰਤ ਉਡੀਕੇ ਤੈਨੂੰ ਚਿਰ ਤੋਂ, ਸਿਰ ਤੇ ਪਾਟੀ ਚਾਦਰ ਲੈ ਕੇ।

ਰੂਹ ਜ਼ਖ਼ਮੀ ਦਿਲ ਛਾਲੇ ਛਾਲੇ, ਭੋਲੇ ਲੋਕ ਉਡੀਕਣ ਹਾਲੇ,
ਦਿਲ ਦੀ ਪੀੜ ਪਛਾਨਣ ਵਾਲਾ, ਆਵੇਗਾ ਹੁਣ ਨਸ਼ਤਰ ਲੈ ਕੇ।

ਅੰਬਰ ਵਿਚ ਸ਼ਿਕਾਰੀ ਦੀ ਅੱਖ, ਤੋਂ ਵੀ ਬਚ ਕੇ ਰਹਿਣਾ ਪੈਂਦੈ,
ਫਿਰ ਵੀ ਵੇਖ ਪਰਿੰਦੇ ਉੱਡਦੇ, ਖੰਭਾਂ ਅੰਦਰ ਸੌ ਡਰ ਲੈ ਕੇ।

ਜਦ ਹੱਥਾਂ ਨੂੰ ਹਾਣ ਬਰਾਬਰ, ਨਾ ਰੁਜ਼ਗਾਰ ਮਿਲੇ ਨਾ ਆਦਰ,
ਰਾਜ ਭਵਨ ਵੱਲ ਤੁਰੇ ਜਵਾਨੀ, ਹੱਥਾਂ ਦੇ ਵਿਚ ਪੱਥਰ ਲੈ ਕੇ।

ਤਨ ਤੇ ਮਨ ਤੋਂ ਚੋਰੀ ਚੋਰੀ, ਸੌ ਜਨਮਾਂ ਦੀ ਪੀੜ ਇਕੱਠੀ,
ਪਰਬਤ ਵੇਖੋ ਚੁੱਕੀ ਫਿਰਦਾਂ, ਅੱਖਾਂ ਦੇ ਵਿਚ ਅੱਥਰ ਲੈ ਕੇ।

ਤੀਰ ਅਤੇ ਤਲਵਾਰ, ਕਬੀਲੇ ਜੰਗਲ ਦੇ ਵੀ ਛੱਡ ਚੁੱਕੇ ਨੇ,
ਤੂੰ ਹਾਲੇ ਵੀ ਰੂਹ ਨੂੰ ਵਿੰਨੇਂ, ਏਨੇ ਮਹਿੰਗੇ ਅੱਖਰ ਲੈ ਕੇ।

ਪਿਆਰ ਮੁਹੱਬਤ ਦੇ ਖੰਭ ਨੋਚਣ, ਗਿਣਤੀ ਮਿਣਤੀ ਦੋਵੇਂ ਰਲਕੇ,
ਉੱਡਦਾ ਹੈ ਵਿਸ਼ਵਾਸ ਉਚੇਰਾ, ਦਿਲ ਤੋਂ ਸੇਧ ਨਿਰੰਤਰ ਲੈ ਕੇ।

ਮੋਰ ਪੰਖ /114