ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਜ਼ਲ

ਲੋਕਾਂ ਦੇ ਮਨ ਉੱਤੇ ਇਸ ਦਾ ਭਾਰ ਨਹੀਂ ਹੁਣ।
ਕਿਉਂ ਬਿਰਖਾਂ ਤੇ ਬਹਿੰਦੀ ਆ ਕੇ ਡਾਰ ਨਹੀਂ ਹੁਣ।

ਉਸਦੀ ਹੋਂਦ ਗੁਆਚਣ ਦਾ ਅਫ਼ਸੋਸ ਨਾ ਕੋਈ,
ਜੋ ਅਪਣੇ ਵਿਸ਼ਵਾਸ ਦਾ ਪਹਿਰੇਦਾਰ ਨਹੀਂ ਹੁਣ।

ਏਥੋਂ ਤੱਕ ਤਾਂ ਆਇਆ, ਭਾਵੇਂ ਪਰਤ ਗਿਆ ਏ,
ਕਿੱਦਾਂ ਕਹੀਏ, ਉਹ ਜੀ ਸਾਡਾ ਯਾਰ ਨਹੀਂ ਹੁਣ।

ਏਸ ਬੇਦਾਵੇ ਨੂੰ ਦੱਸ ਕਿੱਦਾਂ ਪਾੜ ਸਕੇਂਗਾ,
ਜੇਕਰ ਤੇਰੀ ਰੂਹ ਦੇ ਉੱਤੇ ਭਾਰ ਨਹੀਂ ਹੁਣ।

ਧਰਮ ਖਿਡੌਣੇ ਵਾਂਗ ਬਣਾ ਕੇ ਖੇਡ ਰਿਹੈਂ ਤੂੰ,
ਕਾਠ ਦੀ ਹਾਂਡੀ ਚੜ੍ਹਨੀ ਦੂਜੀ ਵਾਰ ਨਹੀਂ ਹੁਣ।

ਪੈੜਾਂ ਤੇ ਪਰਛਾਵੇਂ ਕਿੰਜ ਸੰਭਾਲ ਕੇ ਰੱਖੀਏ,
ਤੈਨੂੰ ਵੀ ਤਾਂ ਸਾਡੀ ਕੋਈ ਸਾਰ ਨਹੀਂ ਹੁਣ।

ਨਕਲੀ ਫੁੱਲ ਬਜ਼ਾਰੋਂ ਲੈ ਕੇ ਬੂਹੇ ਟੰਗਦੇ,
ਪੱਤ ਸ਼ਰੀਂਹ ਦੇ ਬਣਦੇ ਬੰਦਨ ਬਾਰ ਨਹੀਂ ਹੁਣ।

ਮੋਰ ਪੰਖ /113