ਪੰਨਾ:ਮੋਰ ਪੰਖ – ਗੁਰਭਜਨ ਗਿੱਲ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਜ਼ਲ

ਜਦ ਤੋਂ ਮੈਂ ਰਿਸ਼ਤਾ ਤੋੜਿਆ, ਫ਼ਸਲਾਂ ਜ਼ਮੀਨ ਤੋਂ।
ਥੋੜਾ ਹੀ ਫ਼ਰਕ ਰਹਿ ਗਿਆ, ਮੇਰਾ ਮਸ਼ੀਨ ਤੋਂ।

ਫੁਕਾਰਦਾ ਹੈ ਨਾ ਇਹ ਬਣ ਬਣ ਕੇ ਦੇਵਤਾ,
ਮੇਰਾ ਭਰੋਸਾ ਉਠ ਗਿਐ ਅਮਨਾਂ ਦੀ ਬੀਨ ਤੋਂ।

ਉੱਡਦਾ ਪਰਿੰਦਾ ਵੀ ਸਦਾ, ਕਰਦਾ ਹੈ ਕਾਮਨਾ,
ਉੱਜੜੇ ਕਦੇ ਨਾ ਆਲ੍ਹਣਾ, ਇਸ ਸਰ ਜ਼ਮੀਨ ਤੋਂ।

ਹਥਿਆਰ ਚੁੱਕੀ ਫਿਰਨ, ਮਾਰੋ ਮਾਰ ਕਰ ਰਹੇ,
ਸਭ ਧਰਤੀਆਂ ਦੇ ਲੋਕ ਹੀ, ਡੋਲੇ ਨੇ ਦੀਨ ਤੋਂ।

ਸਿਰਜਣ ਪਟੋਲੇ ਗੁੱਡੀਆਂ, ਮਾਵਾਂ ਨੇ ਭੁੱਲੀਆਂ,
ਬਣ ਕੇ ਖਿਡੌਣੇ ਆ ਰਹੇ, ਬੱਚਿਆਂ ਲਈ ਚੀਨ ਤੋਂ।

ਚੰਬਾ, ਰਵੇਲ ਮਹਿਕਦੇ, ਕਿੱਥੇ ਗੁਆਚ ਗਏ,
ਮਿਲਦਾ ਸਕੂਨ ਨਾ ਕਦੇ ਇਸ ‘ਜੈਸਮੀਨ[1]' ਤੋਂ।

ਦੀਵਾਰਾਂ ਓਹਲੇ ਸਾਜ਼ਿਸ਼ਾਂ, ਖ਼ਤਰਾ ਹਮੇਸ਼ ਹੈ,
ਡਰਦਾ ਨਹੀਂ ਮੈਂ ਦੋਸਤੋ, ਪਰਦੇ ਮਹੀਨ ਤੋਂ।

ਬੁੱਕਲ ’ਚ ਬਹਿ ਕੇ ਡੰਗਦਾ ਤੇ ਖੂਨ ਮੰਗਦਾ,
ਮੌਲਾ! ਬਚਾਵੀਂ ਦੋਸਤੀ ਐਸੇ ਕਮੀਨ ਤੋਂ।

ਪਾਣੀ ਵੀ ਪੁਣ ਕੇ ਪੀ ਰਿਹਾਂ ਤੂੰ ਆਪ ਵੇਖ ਲੈ,
ਸਿੱਖੇ ਨੇ ਸਾਰੇ ਸਬਕ ਮੈਂ, ਤੇਰੇ ਯਕੀਨ ਤੋਂ।

ਮੋਰ ਪੰਖ /112

  1. ਚੰਬੇਲੀ ਦਾ ਅੰਗਰੇਜ਼ੀ ਨਾਂ